ਬਠਿੰਡਾ। ਤਲਵੰਡੀ ਸਾਬੋ ਨੇੜੇ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਗੰਦੇ ਨਾਲੇ ਵਿਚ ਡਿੱਗ ਪਈ। ਲੋਕਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਹਾਦਸੇ ਵਿਚ ਹੋਏ ਜਾਨੀ ਨੁਕਸਾਨ ਦੀ ਅਸਲ ਤਸਵੀਰ ਸਾਹਮਣੇ ਨਹੀਂ ਆਈ ਪਰ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ, ਉਸਦੇ ਮੁਤਾਬਕ ਕਿਸੇ ਵੱਡੇ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਘਟਨਾ ਕਰੀਬ ਦੁਪਿਹਰ ਵਜੋਂ ਉਸ ਸਮੇਂ ਵਾਪਰੀ ਜਦ ਇਹ ਬੱਸ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਆ ਰਹੀ ਸੀ। ਇਸ ਦੌਰਾਨ ਰਾਸਤੇ ਵਿਚ ਪਿੰਡ ਜੀਵਨ ਸਿੰਘ ਵਾਲਾ ਟੱਪਦੇ ਹੀ ਰਾਸਤੇ ਵਿਚ ਆਉਂਦੇ ਗੰਦੇ ਨਾਲ ਵਿਚ ਇਹ ਬੱਸ ਡਿੱਗ ਪਈ। ਗੁਰੂ ਕਾਸ਼ੀ ਕੰਪਨੀ ਦੀ ਇਹ ਬੱਸ (ਨੰਬਰ ਪੀਬੀ 11ਡੀਬੀ-6631) ਪਿੱਛਿਓ ਸਰਦੂਲਗੜ੍ਹ ਤੋਂ ਆਈ ਸੀ, ਜਿਸਦੇ ਚੱਲਦੇ ਕਿਸੇ ਵੱਡੇ ਨੁਕਸਾਨ ਦਾ ਖ਼ਦਸਾ ਜਤਾਇਆ ਜਾ ਰਿਹਾ।
ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਪ੍ਰਸ਼ਾਸਨ, ਐਨਡੀਆਰਐਫ਼ ਦੀਆਂ ਟੀਮਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਬੱਸ ਵਿਚੋਂ ਸਵਾਰੀਆਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਸਨ। ਸੂਚਨਾ ਮੁਤਾਬਕ ਘਟਨਾ ਸਥਾਨ ਤੋਂ ਆ ਰਹੀਆਂ ਐਂਬੂਲੈਂਸਾਂ ਦੇ ਨਾਲ ਬਠਿੰਡਾ ਸਿਵਲ ਹਸਪਤਾਲ ਦੀ ਐਂਮਰਜੈਂਸੀ ਲਗਾਤਾਰ ਭਰਦੀ ਜਾ ਰਹੀ ਸੀ। ਉਧਰ ਹਾਲੇ ਤੱਕ ਇਸ ਹਾਦਸੇ ਦੇ ਵਾਪਰਨ ਬਾਰੇ ਵੀ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਇਹ ਘਟਨਾ ਕਿਸੇ ਨੂੰ ਬਚਾਉਂਦੇ ਸਮੇਂ ਵਾਪਰੀ ਜਾਂ ਕਿਸੇ ਹੋਰ ਕਾਰਨ ਕਰਕੇ। ਫ਼ਿਲਹਾਲ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।