ਪਟਿਆਲਾ : ਪਟਿਆਲਾ ਦੇ ਪਾਤੜਾਂ ਵਿਖੇ ਸੰਯੁਕਤ ਕਿਸਾਨ ਮੋਰਚੇ (ਐੱਸ. ਕੇ. ਐੱਮ.) ਦੀ ਸ਼ੰਭੂ ਅਤੇ ਖ਼ਨੌਰੀ ਮੋਰਚੇ ਦੇ ਆਗੂਆਂ ਨਾਲ ਅੱਜ ਮੀਟਿੰਗ ਹੋਈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਇਸ ਲਈ ਹੁਣ ਸਾਰੀਆਂ ਕਿਸਾਨ ਜੱਥੇਬੰਦੀਆਂ ਦੀ ਏਕਤਾ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਏਕੇ ਅਤੇ ਅੰਦੋਲਨ ਨੂੰ ਲੈ ਕੇ ਰਣਨੀਤੀ ਉਲੀਕੀ ਗਈ ਹੈ ਅਤੇ ਹੁਣ ਸਾਰੇ ਕਿਸਾਨ ਸੰਗਠਨਾਂ ‘ਚ ਏਕਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਏਕਤਾ ‘ਤੇ ਗੱਲ ਹੋਈ ਹੈ ਅਤੇ ਹੁਣ ਕਿਸਾਨ ਆਗੂ ਵਿਚਾਰ-ਵਟਾਂਦਰਾ ਕਰਨਗੇ।
ਪੰਧੇਰ ਨੇ ਕਿਹਾ ਕਿ ਅਸੀਂ ਅਜਿਹਾ ਕੁੱਝ ਵੀ ਨਹੀਂ ਕਹਿਣਾ ਚਾਹੁੰਦੇ, ਜਿਹੜਾ ਕੱਲ੍ਹ ਨੂੰ ਏਕਤਾ ‘ਚ ਅੜਿੱਕਾ ਬਣੇ। ਅਸੀਂ ਸਮੁੱਚੀ ਏਕਤਾ ਦੇ ਹਾਮੀ ਹਾਂ ਅਤੇ ਮੈਨੂੰ ਆਸ ਹੈ ਕਿ ਇਹ ਏਕਤਾ ਹੋਵੇਗੀ। ਦੱਸਣਯੋਗ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 54ਵੇਂ ਦਿਨ ‘ਚ ਸ਼ਾਮਲ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਕਾਫੀ ਪਰੇਸ਼ਾਨ ਹਨ।