ਜਲੰਧਰ – ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਫੈਨਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਭਾਰਤ ‘ਚ ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਰਿਲੀਜ਼ ਨਹੀਂ ਹੋਵੇਗੀ। ਇਸ ਦੀ ਪੁਸ਼ਟੀ ਦਿਲਜੀਤ ਦੀ ਟੀਮ ਨੇ ਕੀਤੀ ਹੈ। ਟੀਮ ਨੇ ਦੱਸਿਆ ਕਿ ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਭਾਰਤ ਤੋਂ ਬਾਹਰ ਰਿਲੀਜ਼ ਹੋਵੇਗੀ। ਇਹ ਫ਼ਿਲਮ ਬਿਨਾਂ ਕਿਸੇ ਕੱਟ ਤੋਂ ਵਿਦੇਸ਼ਾਂ ‘ਚ ਰਿਲੀਜ਼ ਕੀਤੀ ਜਾਵੇਗੀ।
ਦੱਸ ਦੇਈਏ ਕਿ ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਅਤੇ ਰੋਨੀ ਸਕ੍ਰੂਵਾਲਾ ਦੁਆਰਾ ਨਿਰਮਿਤ, ਇਹ ਫ਼ਿਲਮ 7 ਫ਼ਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਟੀਜ਼ਰ ਅਰਜੁਨ ਰਾਮਪਾਲ ਦੇ ਕਿਰਦਾਰ ਨਾਲ ਸ਼ੁਰੂ ਹੁੰਦਾ ਹੈ। ਟੀਜ਼ਰ ਦਿਲਜੀਤ ਦੋਸਾਂਝ ਨੂੰ ਪੇਸ਼ ਕਰਦਾ ਹੈ, ਜਿਸ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਸੁਖਦੇਵ ਸਿੰਘ ਦੇ ਲਾਪਤਾ ਹੋਣ ਦੀ ਜਾਂਚ ਕਰਨ ਵਾਲੇ ਸਿੱਖ ਅਧਿਕਾਰ ਕਾਰਕੁਨ ਹਨ। ਦੋਸਾਂਝ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਤਸਵੀਰਾਂ ਖਿੱਚਦਾ ਅਤੇ ਸੁਖਦੇਵ ਦੇ ਲਾਪਤਾ ਕੇਸ ਨੂੰ ਸੁਲਝਾਉਣ ਲਈ ਸੁਰਾਗ ਲੱਭਦਾ ਨਜ਼ਰ ਆ ਰਿਹਾ ਹੈ।
ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ, ਜਿਨ੍ਹਾਂ ਨੇ ਪੰਜਾਬ ਪੁਲਸ ਵੱਲੋਂ 25,000 ਗੈਰ-ਕਾਨੂੰਨੀ ਕਤਲਾਂ, ਗੁੰਮਸ਼ੁਦਗੀ ਅਤੇ ਗੁਪਤ ਸਸਕਾਰ ਦਾ ਪਰਦਾਫਾਸ਼ ਕੀਤਾ ਸੀ। ਫ਼ਿਲਮ ਕਥਿਤ ਤੌਰ ‘ਤੇ ਉਸੇ ਪੁਲਸ ਫੋਰਸ ਦੁਆਰਾ ਉਸ ਦੇ ਅਗਵਾ, ਤਸ਼ੱਦਦ ਅਤੇ ਕਤਲ ਤੋਂ ਪਹਿਲਾਂ ਇਨਸਾਫ਼ ਲਈ ਉਸ ਦੀ ਲੜਾਈ ਨੂੰ ਦਰਸਾਏਗੀ।