ਅੰਮ੍ਰਿਤਸਰ : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਲੱਗੇ ਦੋਸ਼ਾਂ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਮਕਾਜ ‘ਤੇ ਰੋਕ ਲਾਈ ਗਈ ਸੀ। ਰੋਕ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਂਦੇ ਹੁਕਮਨਾਮੇ ਦੀ ਕਥਾ ਦੀ ਲਾਈਵ ਹਾਜ਼ਰੀ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਰੀ, ਜੋ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿਸ ਦਾ ਸਿੱਧਾ ਪ੍ਰਸਾਰਣ ਸ਼੍ਰੋਮਣੀ ਕਮੇਟੀ ਤੇ ਨਿੱਜੀ ਚੈਨਲਾਂ ‘ ਤੇ ਕੀਤਾ ਗਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਸ਼ੁੱਕਰਵਾਰ ਸਵੇਰੇ 7:45 ਵਜੇ ਤੋਂ 8:30 ਵਜੇ ਤੱਕ ਡਿਊਟੀ ਦੌਰਾਨ ਕਥਾ ਦੌਰਾਨ ਕਈ ਤਰ੍ਹਾਂ ਜੀਵਨ ਬਤੀਤ ਕਰਨ ਦੇ ਤਰਕ ਵੀ ਰੱਖੇ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਉਕਤ ਦੀਵਾਨ ਹਾਲ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਸਥਿਤ ਹੈ। ਧਿਆਨਦੇਣਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ‘ਤੇ ਲੱਗੇ ਇਲਜ਼ਾਮਾਂ ਕਾਰਨ 19 ਦਸੰਬਰ 2024 ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਕਾਰਜਕਾਰਨੀ ਦੀ ਹੰਗਾਮੀ ਇਕੱਤਰਤਾ ’ਚ ਤਿੰਨ ਮੈਂਬਰੀ ਕਮੇਟੀ ਬਣਾ ਕੇ 15 ਦਿਨਾਂ ’ਚ ਜਾਂਚ ਦੌਰਾਨ ਕੰਮਕਾਜ ‘ ਤੇ ਪਾਬੰਦੀ ਲਾ ਦਿੱਤੀ ਗਈ ਸੀ। 31 ਦਸੰਬਰ ਨੂੰ ਹੋਈ ਉਕਤ ਕਾਰਜਕਾਰਨੀ ਦੀ ਮੀਟਿੰਗ ’ਚ ਉਕਤ ਪਾਬੰਦੀ ਦੀ ਮਿਆਦ ਇਕ ਮਹੀਨੇ ਲਈ ਹੋਰ ਵਧਾ ਦਿੱਤੀ ਗਈ ਸੀ। ਇਸ ਸਮੇਂ ’ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਸੇਵਾਵਾਂ ਸੌਂਪ ਦਿੱਤੀਆਂ ਸਨ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਥਾ ਦੀ ਹਾਜ਼ਰੀ ਭਰਨ ਸਬੰਧੀ ਅਧਿਕਾਰੀ ਸਪੱਸ਼ਟ ਤੌਰ ’ਤੇ ਕੁਝ ਵੀ ਕਹਿਣ ਦੀ ਬਜਾਏ ਪੱਲਾ ਝਾੜ ਰਹੇ ਹਨ।