ਸ੍ਰੀਨਗਰ, ਕਸ਼ਮੀਰ ਵਾਦੀ ਵਿੱਚ ਅੱਜ ਵੀ ਠੰਢ ਦਾ ਕਹਿਰ ਜਾਰੀ ਰਿਹਾ, ਜਿੱਥੇ ਘੱਟੋ-ਘੱਟ ਤਾਪਤਾਨ ਜੰਮਣ ਵਾਲੇ ਬਿੰਦੂ ਤੋਂ ਕਈ ਡਿਗਰੀ ਹੇਠਾਂ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਤੋਂ ਖ਼ਾਸ ਕਰ ਕੇ ਉਚਾਈ ਵਾਲੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅਸਮਾਨ ਸਾਫ਼ ਰਹਿਣ ਕਾਰਨ ਕਸ਼ਮੀਰ ਵਿੱਚ ਰਾਤ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਸਮਾਨ ਸਾਫ਼ ਰਿਹਾ ਤੇ ਦਿਨ ਵੇਲੇ ਤੇਜ਼ ਧੁੱਪ ਨਿਕਲੀ, ਜਿਸ ਕਰ ਕੇ ਰਾਤ ਦੇ ਤਾਪਮਾਨ ਵਿੱਚ ਨਿਘਾਰ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਵਿਭਾਗ ਮੁਤਾਬਕ, ਵਾਦੀ ਵਿੱਚ ਪਹਿਲਗਾਮ ਸਭ ਤੋਂ ਠੰਢਾ ਸਥਾਨ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ ਮਨਫੀ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਿਛਲੀ ਰਾਤ ਇਹ ਮਨਫੀ 10.4 ਡਿਗਰੀ ਸੀ। ਇਸੇ ਤਰ੍ਹਾਂ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਪਿਛਲੀ ਰਾਤ ਦੇ ਮਨਫੀ 4.4 ਡਿਗਰੀ ਨਾਲੋਂ ਥੋੜਾ ਜਿਹਾ ਜ਼ਿਆਦਾ ਸੀ। ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਸਿਫ਼ਰ ਨਾਲੋਂ 8.1 ਡਿਗਰੀ ਹੇਠਾਂ ਦਰਜ ਕੀਤਾ ਗਿਆ ਜੋ ਕਿ ਪਿਛਲੀ ਰਾਤ ਦੇ ਮਨਫੀ 9.6 ਡਿਗਰੀ ਤਾਪਮਾਨ ਨਾਲੋਂ ਵੱਧ ਹੈ।