ਖਨੌਰੀ : ਕਿਸਾਨੀ ਮਸਲਿਆਂ ’ਤੇ ਏਕਤਾ ਦੀ ਪੇਸ਼ਕਸ਼ ਲੈ ਕੇ ਖਨੌਰੀ ਮੋਰਚੇ ’ਚ ਪੁੱਜੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਦੀ ਤਾਲਮੇਲ ਕਮੇਟੀ ਨੇ ਕਿਹਾ ਹੈ ਕਿ ਸਾਡੇ ਵਿਚਾਰ ਭਾਵੇਂ ਵੱਖ-ਵੱਖ ਹਨ ਪਰ ਐੱਮਐੱਸਪੀ ਗਾਰੰਟੀ ਕਾਨੂੰਨ ਸਮੇਤ ਕਿਸਾਨੀ ਮੰਗਾਂ ਕਰੀਬ-ਕਰੀਬ ਇੱਕੋ ਜਿਹੀਆਂ ਹਨ। ਸਾਡਾ ਦੁਸ਼ਮਣ ਵੀ ਇਕ ਹੀ ਕੇਂਦਰ ਸਰਕਾਰ ਹੈ। ਇਸ ਹਾਲਤ ’ਚ ਅਸੀਂ ਮਿਲ ਕੇ ਕੇਂਦਰ ਸਰਕਾਰ ਦੇ ਗੋਡੇ ਲੁਆਉਣ ਲਈ ਸੰਘਰਸ਼ ਕਰਾਂਗੇ।
ਮੋਗਾ ਮਹਾਪੰਚਾਇਤ ’ਚ ਲਏ ਗਏ ਫੈਸਲੇ ਮੁਤਾਬਕ ਸ਼ੁੱਕਰਵਾਰ ਨੂੰ ਸੰਯੁਕਤ ਕਿਸਾਨ ਮੋਰਚਾ (ਸਿਆਸੀ) ਦੀ ਛੇ ਮੈਂਬਰੀ ਤਾਲਮੇਲ ਕਮੇਟੀ ਖਨੌਰੀ ਬਾਰਡਰ ’ਤੇ ਧਰਨੇ ’ਤੇ ਬੈਠੀ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਦੇ ਆਗੂਆਂ ਨੂੰ ਮਿਲਣ ਪੁੱਜੀ। ਕਮੇਟੀ ’ਚ ਜੋਗਿੰਦਰ ਸਿੰਘ ਉਗਰਾਹਾਂ, ਰਵਿੰਦਰ ਸਿੰਘ, ਬਲਵੀਰ ਸਿੰਘ ਰਾਜੇਵਾਲ, ਕ੍ਰਿਸ਼ਨ ਪ੍ਰਸਾਦ ਕੇਰਲਾ, ਡਾ: ਦਰਸ਼ਨ ਪਾਲ, ਯੁੱਧਵੀਰ ਸਿੰਘ ਸ਼ਾਮਲ ਸਨ। ਇੱਥੇ ਕਿਸਾਨ ਆਗੂਆਂ ਨੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਤਾਲਮੇਲ ਕਮੇਟੀ ਨੇ ਐੱਸਕੇਐਮ (ਗ਼ੈਰ ਸਿਆਸੀ) ਦੇ ਆਗੂ ਕਾਕਾ ਸਿੰਘ ਕੋਟੜਾ ਤੇ ਹੋਰ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ।
ਮੀਟਿੰਗ ਉਪਰੰਤ ਦੋਵਾਂ ਧੜਿਆਂ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਕਤਾ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਫ਼ੈਸਲਾ ਕੀਤਾ ਕਿ ਹੈ ਕਿਸਾਨ ਇਕਜੁੱਟ ਹੋ ਕੇ ਕੇਂਦਰ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਲਈ ਸੰਘਰਸ਼ ਦੀ ਰਣਨੀਤੀ ਬਣਾਉਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ’ਚ ਭਾਵੇਂ ਕਿੰਨੇ ਵੀ ਮਤਭੇਦ ਕਿਉਂ ਨਾ ਹੋਣ ਪਰ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ ਕਿਸਾਨਾਂ ਦੀਆਂ ਦਰਜਨਾਂ ਮੰਗਾਂ ਦੀ ਪ੍ਰਾਪਤੀ ਲਈ ਅਸੀਂ ਸਾਰੇ ਇੱਕਮੁੱਠ ਹਾਂ। ਜਦੋਂ ਸਾਡਾ ਦੁਸ਼ਮਣ (ਕੇਂਦਰੀ ਸਰਕਾਰ) ਇੱਕ ਹੈ ਤਾਂ ਅਸੀਂ ਵੀ ਇੱਕਜੁੱਟ ਹੋ ਕੇ ਲੜਾਂਗੇ ਤੇ ਕੇਂਦਰ ਗੋਡੇ ਟੇਕਣ ਲਈ ਮਜਬੂਰ ਹੋ ਜਾਵੇਗਾ।