Justin Trudeau: ਜਸਟਿਨ ਟਰੂਡੋ ਨੇ ਕੀਤਾ ਅਸਤੀਫ਼ੇ ਦਾ ਐਲਾਨ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਸਿਆਸਤ ‘ਚ ਇਕ ਵੱਡਾ ਧਮਾਕਾ ਹੋ ਗਿਆ ਹੈ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਹ ਕੁਝ ਹੀ ਦੇਰ ‘ਚ ਆਪਣੇ ਅਸਤੀਫ਼ੇ ਦਾ ਅਧਿਕਾਰਤ ਐਲਾਨ ਕਰ ਸਕਦੇ ਹਨ।

ਟਰੂਡੋ ਨੇ ਇਹ ਫ਼ੈਸਲਾ ਕਰੀਬ ਇਕ ਦਹਾਕੇ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿਣ ਤੋਂ ਬਾਅਦ ਲਿਆ ਹੈ। ਜ਼ਿਕਰਯੋਗ ਹੈ ਕਿ ਆਪਣੀਆਂ ਭਾਰਤ ਵਿਰੋਧੀ ਨੀਤੀਆਂ ਕਾਰਨ ਟਰੂਡੋ ਨੂੰ ਆਪਣੇ ਹੀ ਪਾਰਟੀ ਮੈਂਬਰਾਂ ਦਾ ਵਿਰੋਧ ਝੱਲਣਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦੇ ਕਈ ਮੰਤਰੀ ਵੀ ਉਨ੍ਹਾਂ ਦਾ ਸਾਥ ਛੱਡ ਗਏ ਸਨ।

ਉਨ੍ਹਾਂ ਦੇ ਅਸਤੀਫ਼ੇ ਦਾ ਵੱਡਾ ਕਾਰਨ ਇਨ੍ਹਾਂ ਨੀਤੀਆਂ ਨੂੰ ਵੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਗਾਮੀ ਚੋਣਾਂ ‘ਚ ਟਰੂਡੋ ਦੀ ਲਿਬਰਲ ਪਾਰਟੀ ਦੀ ਹਾਰ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਗੱਲ ਨੂੰ ਵੀ ਉਨ੍ਹਾਂ ਦੇ ਅਸਤੀਫ਼ੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫਿਲਹਾਲ ਉਹ ਅਗਲਾ ਨੇਤਾ ਚੁਣੇ ਜਾਣ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣਗੇ।

ਇਹ ਵੀ ਪੜ੍ਹੋ- ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25 ਹਜ਼ਾਰ ਇਨਾਮ

ਅਸਤੀਫ਼ਾ ਦੇਣ ਮੌਕੇ ਕੀਤੀ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ- ” ਮੈਂ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ। ਜਦੋਂ ਤੱਕ ਪਾਰਟੀ ਆਪਣਾ ਅਗਲਾ ਨੇਤਾ ਨਹੀਂ ਚੁਣ ਲੈਂਦੀ, ਉਦੋਂ ਤੱਕ ਮੈਂ ਆਪਣਾ ਕੰਮ ਜਾਰੀ ਰੱਖਾਂਗਾ। ਬੀਤੀ ਰਾਤ ਮੈਂ ਖ਼ੁਦ ਲਿਬਰਲ ਪਾਰਟੀ ਦੇ ਪ੍ਰਧਾਨ ਨੂੰ ਇਹ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ।”

ਉਨ੍ਹਾਂ ਅੱਗੇ ਕਿਹਾ- “ਮੈਂ ਇੱਕ ਜੁਝਾਰੂ ਵਿਅਕਤੀ ਹਾਂ। ਮੇਰੇ ਸਰੀਰ ਦੇ ਹਰੇਕ ਹਿੱਸੇ ਨੇ ਹਮੇਸ਼ਾਂ ਮੈਨੂੰ ਆਪਣੇ ਦੇਸ਼ ਲਈ ਲੜਦੇ ਰਹਿਣ ਲਈ ਕਿਹਾ ਹੈ, ਕਿਉਂਕਿ ਮੈਂ ਕੈਨੇਡੀਅਨਾਂ ਦੀ ਬਹੁਤ ਪਰਵਾਹ ਕਰਦਾ ਹਾਂ। ਮੈਂ ਹਮੇਸ਼ਾ ਉਹੀ ਕਰਾਂਗਾ ਜੋ ਕੈਨੇਡਾ ਤੇ ਕੈਨੇਡੀਅਨਾਂ ਦੇ ਹਿੱਤ ਵਿੱਚ ਹੈ। ਮੈਂ ਅੱਜ ਸਵੇਰੇ ਹੀ ਗਵਰਨਰ ਜਨਰਲ ਨੂੰ ਸਲਾਹ ਦਿੱਤੀ ਕਿ ਸਾਨੂੰ ਸੰਸਦ ਦੇ ਨਵੇਂ ਸੈਸ਼ਨ ਦੀ ਲੋੜ ਹੈ। ਉਨ੍ਹਾਂ ਨੇ ਮੇਰੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਸਦਨ ਨੂੰ ਹੁਣ 24 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਉਹ ਅੱਗੇ ਬੋਲੇ, ”ਮੇਰੇ ਕੈਰੀਅਰ ਦੇ ਦੌਰਾਨ, ਮੈਂ ਜੋ ਵੀ ਸਫਲਤਾ ਪ੍ਰਾਪਤ ਕੀਤੀ ਹੈ ਉਹ ਸਭ ਪਾਰਟੀ ਮੈਂਬਰਾਂ ਦੇ ਸਮਰਥਨ ਕਾਰਨ ਹੀ ਸੰਭਵ ਹੋ ਸਕਿਆ ਹੈ। ਇਸ ਲਈ ਮੈਂ ਬੀਤੀ ਰਾਤ ਡਿਨਰ ਸਮੇਂ ਆਪਣੇ ਬੱਚਿਆਂ ਨੂੰ ਉਸ ਫੈਸਲੇ ਬਾਰੇ ਦੱਸਿਆ ਜੋ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਪਾਰਟੀ ਆਗੂ ਵਜੋਂ ਅਸਤੀਫ਼ਾ ਦੇ ਕੇ ਮੈਂ ਪਾਰਟੀ ਨੂੰ ਇਕ ਨਵਾਂ ਤੇ ਅਸਲੀ ਚਿਹਰੇ ਨੂੰ ਲੀਡਰ ਵਜੋਂ ਦੇਖਣਾ ਚਾਹੁੰਦਾ ਹਾਂ। ਮੈਨੂੰ ਪਤਾ ਲੱਗ ਗਿਆ ਹੈ ਕਿ ਆਗਾਮੀ ਚੋਣਾਂ ‘ਚ ਮੈਂ ਸ਼ਾਇਦ ਪਾਰਟੀ ਲਈ ਸਭ ਤੋਂ ਚੰਗਾ ਆਪਸ਼ਨ ਨਹੀਂ ਹਾਂ।”

Leave a Reply

Your email address will not be published. Required fields are marked *