ਭਾਰਤ ਨੇ ਸ਼ਨਿੱਚਰਵਾਰ ਨੂੰ ‘ਆਪ੍ਰੇਸ਼ਨ ਬ੍ਰਹਮਾ’ ਤਹਿਤ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰੀ ਪਹੁੰਚਾਈ, ਜੋ ਗੁਆਂਢੀ ਦੇਸ਼ ਦੇ ਨਾਲ-ਨਾਲ ਥਾਈਲੈਂਡ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਭਾਰਤ ਨੇ ਭਾਰਤੀ ਹਵਾਈ ਸੈਨਾ ਦੇ C130J ਫੌਜੀ ਟਰਾਂਸਪੋਰਟ ਜਹਾਜ਼ ਰਾਹੀਂ ਮਿਆਂਮਾਰ ਦੇ ਸ਼ਹਿਰ ਯਾਂਗੂਨ ਨੂੰ ਰਾਹਤ ਸਮੱਗਰੀ ਭੇਜੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਪਲਾਈ ਵਿੱਚ ਤੰਬੂ, ਸਲੀਪਿੰਗ ਬੈਗ, ਕੰਬਲ, ਖਾਣ ਲਈ ਤਿਆਰ ਭੋਜਨ, ਪਾਣੀ ਸ਼ੁੱਧ ਕਰਨ ਵਾਲੇ ਯੰਤਰ, ਸੂਰਜੀ ਲੈਂਪ, ਜਨਰੇਟਰ ਸੈੱਟ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਕਸ ’ਤੇ ਲਿਖਿਆ ਕਿ ਭਾਰਤ ਤੋਂ ਮਨੁੱਖੀ ਸਹਾਇਤਾ ਦੀ ਪਹਿਲੀ ਕਿਸ਼ਤ ਮਿਆਂਮਾਰ ਦੇ ਯਾਂਗੂਨ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਿਆਂਮਾਰ ਅਤੇ ਥਾਈਲੈਂਡ ਵਿਚ ਆਏ ਵਿਨਾਸ਼ਕਾਰੀ ਭੂਚਾਲ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਭਾਰਤ ਦੋਵਾਂ ਦੇਸ਼ਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।