ਪੰਜਾਬ ਕਾਂਗਰਸ ਪਾਰਟੀ ਦਾ ਕਾਟੋਕਲੇਸ਼ ਖਤਮ ਹੋਣ ਦੇ ਅਜੇ ਆਸਾਰ ਨਜਰ ਨਹੀਂ ਆ ਰਹੇ। ਤਿੰਨ ਮੈਂਬਰੀ ਖੜਗੇ ਕਮੇਟੀ ਨੇ ਮੁੱਖ ਮੰਤੀ ਕੈਪਟਨ ਅਮਰਿੰਦਰ ਸਿੰਘ ਨੂੰ ਹਦਾਇਤ ਕੀਤੀ ਹੈ ਕਿ ਉਹ 18 ਨੁਕਾਤੀ ਵਾਅਦਿਆਂ ਨੂੰ ਤਰਜੀਹੀ ਅਧਾਰ ਤੇ ਲਾਗੂ ਕਰਨ ਤੇ ਉਸ ਦੀ ਸਮੀਖਿਆ ਤਿੰਨ ਮੈਂਬਰੀ ਕਮੇਟੀ ਕੁਝ ਦਿਨਾਂ ਬਾਅਦ ਕਰੇਗੀ। ਦਿੱਲੀ ਤੋਂ ਚੰਡੀਗੜ੍ਹ ਪਰਤਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੁਝ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਨਾਂ ਨੁਕਤਿਆਂ ਨੂੰ ਲਾਗੂ ਕਰਨ ਦਾ ਜਾਇਜਾ ਲਿਆ ਹੈ। ਤਿੰਨ ਮੈਂਬਰੀ ਕਮੇਟੀ ਕਨਵੀਨਰ ਮਲਿਕ ਅਰਜਨ ਖੜਗੇ ਨੇ ਇਕ ਬਹੁਤ ਅਹਿਮ ਗੱਲ ਕਹੀ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਕਿਸ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ,ਦਾ ਫੈਸਲਾ ਸਮਾਂ ਆਉਣ ਤੇ ਕੀਤਾ ਜਾਵੇਗਾ। ਇਸ ਗੱਲ ਨੇ ਕੈਪਟਨ ਕੈਂਪ ਵਿਚ ਖਲਬਲੀ ਮਚਾ ਦਿਤੀ ਹੈ। ਜਦੋਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਹਤ ਪਹਿਲਾਂ ਕਹਿ ਚੁੱਕੇ ਸਨ ਕਿ ਅਗਲੀਆਂ ਚੋਣਾਂ ਕੈਪਟਨ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਪਰ ਖੜਗੇ ਦੇ ਐਲਾਨ ਨੇ ਇਸ ਮੁੱਦੇ ਤੇ ਨਵੇ ਸਿਰਿਓ ਚਰਚਾ ਛੇੜ ਦਿਤੀ ਹੈ।
ਸੁਆਲਾਂ ਦਾ ਸੁਆਲ ਹੈ ਕਿ ਕਾਂਗਰਸ ਹਾਈਕਮਾਂਡ ਨੇ ਪੰਜਾਬ ਸਰਕਾਰ ਦੀ ਸਥਿਤੀ ਦਾ ਪਹਿਲਾਂ ਜਾਇਜਾ ਕਿਉਂ ਨਹੀਂ ਲਿਆ ਜਦੋਂ ਕਿ ਕਾਂਗਰਸ ਵਿਧਾਇਕ ਪਾਰਟੀ ਦੀਹਰੇਕ ਮੀਟਿੰਗ ਵਿਚ ਅਫਸਰਸ਼ਾਹੀ ਦੇ ਭਾਰੂ ਹੋਣ ਦਾ ਮੁੱਦਾ ਉਠਾਉਂਦੇ ਰਹੇ ਹਨ। ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਸ਼ਰੇਆਮ ਵਿਕਰੀ ਦਾ ਮਾਮਲਾ ਕਾਂਗਰਸ ਪਾਰਟੀ ਦੇ ਵਿਧਾਇਕ ਸ੍ਰੀ ਸੁਰਜੀਤ ਧੀਮਾਨ ਨੇ ਕੈਪਟਨ ਸਰਕਾਰ ਦੇ ਸੱਤਾ ਸੰਭਾਲਣ ਦੇ ਤਕਰੀਬਨ ਚਾਰ ਬਾਅਦ ਸੁਨਾਮ ਦੇ ਜਨਤਕ ਇਕੱਠ ਵਿਚ ਉਠਾਉਦਿਆਂ ਕਿਹਾ ਸੀ ਉਸ ਦੇ ਜਿਲੇ ਵਿਚ ਨਸ਼ੀਲੇ ਪਾਦਰਥ ਪੁਲੀਸ ਦੀ ਮਿਲੀਭੁਗਤ ਨਾਲ ਵਿਕ ਰਹੇ ਹਨ ਪਰ ਇਸ ਦੇ ਬਾਵਜੂਦ ਕੋਈ ਖਾਸ ਕਾਰਵਾਈ ਨਹੀਂ ਹੋਈ ਸੀ।
ਤਿੰਨ ਮੈਂਬਰੀ ਕਮੇਟੀ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਬੇਅਬਦੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਸਜਾਵਾਂ ਦਿਵਾਉਣ ਲਈ ਕਦਮ ਚੁੱਕੇ ਜਾਣ ,ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਅਤੇ ਗਰੀਬ ਜਨਤਾ ਦਾ ਕਰਜਾ ਮੁਆਫ ਕਰਨ ਦੀ ਸਕੀਮ ਲਾਗੂ ਕੀਤੀ ਜਾਵੇ। ਵਜੀਫਾ ਸਕੀਮ,ਦੋ ਸੌ ਯੂਨਿਟ ਬਿਜਲੀ ਮੁਫਤ ਦੇਣ,ਵੱਖ ਵੱਖ ਮਾਫੀਆਂ ਨੂੰ ਨੱਥ ਪਾਉਣ ਸਮੇਤ ਕਈ ਹੋਰ ਕਦਮ ਚੁੱਕਣ ਲਈ ਕਿਹਾ ਹੈ । ਇਹ ਸੂਚੀ ਲੰਮੀ ਹੈ ਪਰ ਕੁਝ ਅਹਿਮ ਨੁਕਤੇ ਹੀ ਸਾਂਝੇ ਕੀਤੇ ਹਨ ਤੇ ਇਹ ਉਹ ਨੁਕਤੇ ਹਨ ਜਿਨਾਂ ਨੂੰ ਲਾਗੂ ਕਰਨ ਬਾਰੇ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਚੁੱਕੀ ।
ਕੈਪਟਨ ਸਰਕਾਰ ਕੋਲ ਕੇਵਲ ਛੇ ਮਹੀਨਿਆਂ ਦਾ ਸਮਾਂ ਹੀ ਬਚਿਆ ਹੈ ਤੇ ਇਸ ਅਰਸੇ ਵਿਚ ਉਨਾਂ ਲਈ 18 ਨੁਕਤਿਆਂ ਨੂੰ ਲਾਗੂ ਕਰ ਸਕਣ ਦਾਬਹੁਤ ਵੱਡਾ ਕਾਰਜ ਹੈ। ਇਸ ਨੂੰ ਲਾਗੂ ਉਸੇ ਅਫਸਰਸ਼ਾਹੀ ਨੇ ਕਰਨਾ ਹੈ ਜਿਸ ਬਾਰੇ ਤਰਾਂ ਤਰਾਂ ਦੇ ਸੁਆਲ ਉਠਦੇ ਰਹੇ ਹਨ ਤੇ ਅੱਜ ਵੀ ਉਠ ਰਹੇ ਹਨ। ਵਿਰੋਧੀ ਧਿਰ ਨੇ ਵੀ ਸੁਆਲ ਉਠਾਉਣੇ ਸ਼ੁਰੂ ਕਰ ਦਿਤੇ ਹਨ ਕਿ ਜਿਹੜੇ ਕੰਮ ਕਾਜ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਵਿਚ ਨਹੀਂ ਕੀਤੇ ਤੇ ਹੁਣ ਛੇ ਮਹੀਨਿਆਂ ਵਿਚ ਕਿਵੇਂ ਕੀਤੇ ਜਾਣਗੇ ।
ਇਸ ਦੇ ਨਾਲ ਕਾਂਗਰਸ ਪਾਰਟੀ ਵਿਚ ਨਵੀਂ ਸਫਬੰਦੀ ਹੋ ਰਹੀ ਹੈ ਤੇ ਮਾਝਾ ਬਰਗੇਡ ਜਿਸ ਨੇ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ,ਉਹ ਸਾਥ ਛੱਡ ਚੁੱਕੀ ਹੈ ਤੇ ਗਾਹੇ ਬਗਾਹੇ ਮੁੱਖ ਮੰਤਰੀ ਦੀ ਕੰਮ ਕਾਜ ਦੀ ਸ਼ੈਲੀ ਅਤੇ ਬਾਦਲਾਂ ਪ੍ਰਤੀ ਨਰਮਗੋਸ਼ਾਂ ਰੱਖਣ ਦੇ ਮਾਮਲੇ ਨੂੰ ਲੈ ਕੇ ਹਮਲੇ ਕਰ ਰਹੀ ਹੈ। ਇਹ ਗੱਲ ਕਾਂਗਰਸ ਹਾਈਕਮਾਂਡ ਧਿਆਨ ਵਿਚ ਲਿਆਂਦੀ ਗਈ ਹੈ।
ਮਾਝਾ ਬਰਗੇਡ ਦੇ ਰੁਖ ਨੂੰ ਭਾਪਦਿਆਂ ਮੁੱਖ ਮੰਤਰੀ ਨੇ ਆਪਣੇ ਹਮਾਇਤੀਆਂ ਦਾ ਘੇਰਾ ਵਧਾਉਣ ਅਤੇ ਜੁਆਬੀ ਚਾਲਾਂ ਵੀ ਚੱਲੀਆਂ ਜਿਹੜੀਆਂ ਬਹੁਤੀਆਂ ਕਾਰਗਰ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ ਕਿਉਂਕਿ ਜਿਹੜੇ ਮੁੱਦਿਆਂ ਦਾ ਕਾਂਗਰਸ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ,ਉਸ ਦਾ ਹੱਲ ਕੇਵਲ ਕਤਾਰਬੰਦੀ ਕਰਕੇ ਜਾਂ ਘੇਰਾ ਵਧਾ ਕੇ ਨਹੀਂ ਕੀਤਾ ਜਾ ਸਕਦਾ। ਉਨਾਂ ਦਾ ਹੱਲ ਜਿਹੜੇ ਚੋਣ ਵਾਅਦੇ ਕੀਤੇ ਹਨ,ਉਨ੍ਹਾਂ ਨੂੰ ਹਕੀਕੀ ਰੂਪ ਵਿਚ ਲਾਗੂ ਕੀਤੇ ਬਗੈਰ ਨਹੀਂ ਹੋ ਸਕਦਾ ਜਾਂ ਹੁਣ ਜਿਹੜਾ 18 ਨੁਕਾਤੀ ਪ੍ਰੋਗਰਾਮ ਖੜਗੇ ਕਮੇਟੀ ਨੇ ਕੈਪਟਨ ਨੂੰ ਸੌਂਪਿਆਂ ਹੈ,ਨੂੰ ਲਾਗੂ ਕਰਕੇ ਹੀ ਹੋ ਸਕਦਾ ਹੈ। ਮੁੱਖ ਮੰਤਰੀ ਨੇ ਖੇਤ ਮਜਦੂਰਾਂ ਲਈ ਭਗਤ ਕਬੀਰ ਦੀ ਜੈਅੰਤੀ ਦੇ ਮੌਕੇ ਤੇ 650 ਕਰੋੜ ਰੁਪਏ ਦੀ ਕਰਜਾ ਮੁਆਫੀ ਦਾ ਐਲਾਨ ਕਰਕੇ 18 ਨੁਕਾਤੀ ਏਜੰਡੇ ਤੇ ਅਮਲ ਦੀ ਸ਼ੁਰੂਆਤ ਕਰ ਦਿਤੀ ਹੈ ਪਰ ਬਾਕੀ ਏਜੰਡਿਆਂ ਤੇ ਅਮਲ ਦੇ ਮੁੱਦੇ ਨੂੰ ਲੈ ਕੇ ਵਿਰੋਧੀਆਂ ਨੇ ਨੇੜਿਓ ਅੱਖ ਰੱਖੀ ਹੋਈ ਹੈ। ਇਸ ਦੇ ਨਾਲ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਕਰਕੇ ਕਿਸਾਨ ਥਾਂ ਥਾਂ ਤੇ ਧਰਨੇ ਦੇ ਰਹੇ ਹਨ ਤੇ ਇਸ ਮਸਲੇ ਦਾ ਵੀ ਫੌਰੀ ਹੱਲ ਕੱਢਣਾ ਹੋਵੇਗਾ ਨਹੀਂ ਤਾਂ ਕੈਪਟਨ ਦੀ ਕਿਸਾਨੀ ਵਿਚ ਜਿਹੜੀ ਭੱਲ ਬਣੀ ਹੋਈ ਹੈ,ਉਸ ਨੂੰ ਹੋਰ ਖੋਰਾ ਲੱਗਣਾ ਸੁਭਾਵਿਕ ਹੈ।
ਬਲਵਿੰਦਰ ਸਿੰਘ ਜੰਮੂ