ਸਮਾਜ ਦੇ ਆਰਥਿਕ ਢਾਂਚੇ ਦੇ ਸਭ ਤੋਂ ਹੇਠਲੇ ਪੱਧਰ ਤੇ ਮੌਜੂਦ ਬਹੁਗਿਣਤੀ ਲੋਕ ਜਿਹੜੇ ਕਿ ਆਪਣੀ ਦਸਾਂ ਨੌਹਾਂ ਨਾਲ ਕੀਤੀ ਕਿਰਤ ਨੂੰ ਵੇਚ ਕੇ ਰੋਟੀ ਕਮਾਉਂਦੇ ਨੇ, ਉਹ ਫਿਲਹਾਲ ਆਮ ਕਰਕੇ ਇਹ ਨਹੀਂ ਲੋਚਦੇ ਜਾਪਦੇ ਬਈ ਪੈਦਾਵਾਰ ਦੇ ਸਾਧਨਾਂ ਤੇ ਸਾਡਾ ਕਬਜਾ ਹੋਣਾ ਚਾਹੀਦਾ , ਉਹਨਾਂ ਨੂੰ ਜਿਹੜੀ ਗੱਲ ਦਿੱਸਦੀ ਹੈ ਤੇ ਸੋਚਣ ਉੱਤੇ ਮਜਬੂਰ ਤੇ ਬੇਚੈਨ ਕਰਦੀ ਹੈ , ਉਹ ਇਹ ਕਿ ਇੱਕ ਪਾਸੇ ਤਾਂ ਉਹ ਗਰੀਬੀ ਕਰਕੇਨਰਕ ਵਰਗੀ ਜ਼ਿੰਦਗੀ ਭੋਗ ਰਹੇ ਨੇ । ਸਹੂਲਤਾਂ ਤਾਂ ਛੱਡੋ ਜਿਊਣ ਜੋਗੇ ਹਾਲਾਤ ਵੀ ਨਹੀਂ ਹਨ । ਤੇ ਦੂਜੇ ਪਾਸੇ ਧਨਾਡ ਲੋਕ ਮਾਇਆਵਿੱਚ ਖੇਡ ਰਹੇ ਨੇ, ਐਸ਼ ਕਰ ਰਹੇ ਨੇ । ਉਹਦੇ ਮੁਕਾਬਲੇ ਉਨ੍ਹਾਂ ਦੇ ਬੱਚੇ ਦੋ ਡੰਗ ਦੀ ਰੋਟੀ ਖੁਣੋ ਵੀ ਭੁੱਖੇ ਮਰ ਰਹੇ ਨੇ । ਆਸ ਵੀ ਕੋਈ ਨਹੀਂ ਦੀਂਹਦੀ । ਏਨਾ ਜ਼ਿਆਦਾ ਪਾੜਾ , ਵਿਤਕਰਾ, ਇਹ ਪੈਸੇ ਦੀ ਗੈਰ ਕੁਦਰਤੀ ਵੰਡ ਤੇ ਜ਼ਮੀਨ ਅਸਮਾਨ ਦਾ ਫ਼ਰਕ , ਜੋ ਕਿ ਇਨਸਾਨੀਅਤ ਵਿਰੋਧੀ ਹਵਸ ਦੇ ਚਰਮ ਸੀਮਾ ਉੱਤੇ ਪੁੱਜ ਜਾਣ ਦਾ ਸਿੱਟਾ ਹੈ।ਅਜਿਹੀ ਲਾਲਸਾ ਜਿਸ ਵਿੱਚ ਕੋਈ ਬੰਦਾ ਭੁੱਖਨਾਲ ਮਰ ਰਹੇ ਲੋਕਾਂ ਦੇ ਮੂੰਹਾਂ ਵਿੱਚੋਂ ਰੋਟੀ ਦਾ ਆਖਰੀ ਟੁਕੜਾ ਵੀ ਕੱਢ ਕੇ ਡਕਾਰ ਜਾਣਾ ਚਾਹੁੰਦਾ ਹੈ । ਇਸ ਕੌੜੀ ਹਕੀਕਤ ਦਾ ਇਲਮ ਉਸ ਸ਼ੋਸ਼ਿਤ ਬਹੁਗਿਣਤੀ ਨੂੰ ਬੇਚੈਨ ਕਰਦਾ ਹੈ ਤੇ ਇਹ ਅਹਿਸਾਸ ਕਰਾਉਂਦਾ ਹੈ ਬਈ ਉਨ੍ਹਾਂ ਦੀ ਮੰਦਹਾਲੀ ਦੇ ਅਸਲ ਜ਼ਿੰਮੇਵਾਰ ਇਹ ਧਨਾਡ ਅਤੇ ਇਹਨਾ ਦਾ ਉਸਾਰਿਆ ਲੁੱਟ ਢਾਂਚਾ ਹੈ । ਅਤੇ ਇਹ ਬੇਚੈਨੀ , ਇਹ ਅਹਿਸਾਸ ਹੀ ਕਦੇ ਨਾ ਕਦੇ ਇਸਦੇ ਖਿਲਾਫ਼ ਖੜੇ ਹੋਣ ਅਤੇ ਅਨਿਆਈਂ ਤੰਤਰ ਨੂੰ ਖਤਮ ਕਰਨ ਦਾ ਸਬੱਬ ਬਣਦਾ ਹੈ ।ਪਰ ਹਾਕਮ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡ੍ਹੇ ।
ਉਹ ਜਾਣਦੇ ਨੇ ਕਿ ਜੇ ਲਿਤਾੜੇ/ਲੁਟੀਂਦੇ/ਨਪੀੜੇ ਤਬਕੇ ਨੂੰ ਵਹਿਮੀ ਤੇ ਅੰਧਵਿਸ਼ਵਾਸੀ ਬਣਾ ਦਿੱਤਾ ਜਾਵੇ ਤੇ ਇਹ ਸੋਚਣ ਲਈ ਪ੍ਰੇਰਿਆ ਜਾਵੇ ਕਿ ਉਨ੍ਹਾਂ ਦੀ ਆਰਥਕ ਮੰਦਹਾਲੀ ਇਸ ਲਈ ਹੈ ਕਿਓਂਕਿ ,” ਤੁਹਾਡੀ ਤਾਂ ਕਿਸਮਤ ਹੀ ਖਰਾਬ ਹੈ , ਇਹ ਤਾਂ ਸਾਰੀ ਆਪਣੇ-ਆਪਣੇ ਲੇਖਾਂ ਦੀ ਗੱਲ ਹੈ , ਤੇ ਲੇਖਾਂ ਨੂੰ ਅੱਜ ਤਕ ਕੌਣ ਬਦਲ ਸਕਿਆ ਹੈ ? ,‘ਨਸੀਬ ਧਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ’, ਤੁਸੀਂ ਪਿਛਲੇ ਜਨਮ’ਚ ਕੋਈ ਪਾਪ ਜ਼ਰੂਰ ਕੀਤੇ ਹੋਣਗੇ,ਜਿਸ ਕਰਕੇ ਤੁਹਾਡਾ ਇਹ ਹਾਲਹੈ, ਜੋ ਵੀ ਹੁੰਦਾ ਸਭ ਚੰਗੇ ਲਈ ਹੁੰਦਾ , ਤੁਹਾਡੇ ਉੱਤੇ ਫਲਾਣੇ ਦੀ ਕਿਰਪਾ ਨਹੀਂ ਹੈ , ਤੁਹਾਡੇ ਨਾਲ ਜੋ ਬੀਤ ਰਹੀ ਹੈ ਇਹ ਸਭ ਮਾਲਕ ਦੀ ਮਰਜ਼ੀ ਨਾਲ ਹੋ ਰਿਹਾ, ਕਿਉਂਜੋ ਉਹਦੇ ਹੁਕਮ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਇਸ ਲਈ ਉਹਦੀ ਰਜ਼ਾ ’ਚ ਰਾਜ਼ੀ ਰਹੋ।” ਇਹ ਸਿਧਾਂਤ ਜਿਹੜੇ ਕਿ ਜ਼ਿੰਦਗੀ ਦੇਕਿਸੇ ਖਾਸ ਸੰਦਰਭ ਵਿੱਚ ਸਾਕਾਰਾਤਮਕ ਮਾਇਨੇ ਵੀ ਰੱਖਦੇ ਹਨ , ਇਨ੍ਹਾਂ ਦੀ ਗਲਤ ਵਿਆਖਿਆ ਲੋਕਾਂ ਨੂੰ ਭਰਮਿਤ ਕਰਨ, ਮੂਰਖ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਅਤੇ ਜ਼ੁਲਮ ਅਨਿਆਂ ਨੂੰ ਸਹਿਣ ਕਰਨ ਦੀ ਆਦਤ ਪਾਉਣ ਲਈ ਵਰਤੀ ਜਾਂਦੀ ਹੈ।
ਉਦਾਹਰਣ ਦੇ ਤੌਰ ਤੇ , ਭਾਰਤੀ ਦਰਸ਼ਨ ਦਾ ਇੱਕ ਸਿਧਾਂਤ ਹੈ ਕਿ “ ਮੌਤ ਅਟੱਲ ਹੈ” । ਸਾਕਾਰਾਤਮਕ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਜੇ ਮੌਤ ਆਉਣੀ ਹੀ ਹੈ ਤਾਂ :
“ਇਸ ਤੋਂ ਡਰਨਾ ਕਾਹਦਾ ?ਜਿਹੜੇ ਮਰਨ ਤੋਂ ਹੀ ਡਰੀ ਜਾਂਦੇ ਨੇ ਉਹ ਹਰ ਦਿਨ ਮਰਦੇ ਨੇ , ਪੈਸਾ ਸਿਰਫ ਇਸ ਜੀਵਨ ਵਿਚਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੀ ਇੱਕਠਾ ਕਰੋ ਕਿਓਂਜੋ ਮੌਤ ਤੋਂ ਬਾਦ ਇਸ ਨੇ ਨਾਲ ਨਹੀਂ ਜਾਣਾ । ਹਰ ਕਿਸੇ ਨੇ ਇੱਕ ਨਾ ਇੱਕ ਦਿਨ ਇਸ ਮਿੱਟੀ ਵਿੱਚ ਮਿਲ ਜਾਣਾ ਹੈ ਤਾਂ ਹੰਕਾਰ ਕਾਹਦਾ ? ਜਿਹੜੇ ਆਪਣੇ ਆਪ ਨੂੰ ਨਿੱਜ ਤੋਂ ਉੱਤੇ ਉੱਠ ਕੇ ਦੂਜਿਆਂ ਤੋਂਕੁਰਬਾਨ ਕਰਦੇ ਨੇ , ਉਹ ਮਰਨ ਤੋਂ ਬਾਦ ਵੀ ਲੋਕਾਈ ਦੇ ਦਿਲਾਂ ਵਿੱਚ ਰਹਿੰਦੀ ਦੁਨੀਆਂ ਤਕ ਅਮਰ ਹੋ ਜਾਂਦੇ ਨੇ । ਇਸ ਲਈ ਮਰਨਾ ਜੀਊਣਾ ਕੋਈ ਵੱਡੀ ਗੱਲ ਨਹੀਂ ,ਸਗੋਂ ਚੰਗੇ ਕੰਮ ਕਰਨੇ ਵੱਡੀ ਗੱਲ ਹੈ”।
ਪਰ ਇਨ੍ਹਾਂ ਸਾਰੀਆਂ ਦਲੀਲਾਂ ਦੇ ਉਲਟ , ਨੌਜਵਾਨ ਜਿਨ੍ਹਾਂ ਵਿੱਚ ਅਨਿਆਂ ਵਿਰੁੱਧ ਲੜਨ ਦੀ ਹਿੰਮਤ ਤੇ ਜੋਸ਼ ਹੁੰਦਾ ਹੈ , ਉਨ੍ਹਾਂ ਨੂੰ ਗੁਮਰਾਹ ਕਰਕੇ ਭਟਕਾਉਣ ਲਈ ਇਸ ਸਿਧਾਂਤ ਦਾ ਪਰਚਾਰ ਕੁਝ ਇਸ ਤਰਾਂ ਕੀਤਾ ਜਾਂਦਾ ਹੈ ਕਿ “ਹਰ ਕਿਸੇ ਨੇ ਇੱਕ ਨਾ ਇੱਕ ਦਿਨ ਮਰ ਹੀ ਜਾਣਾ ਹੈ , ਇਸ ਲਈ ਇਸ ਜ਼ਿੰਦਗੀ ਵਿੱਚ ਮਰਨ ਤੋਂ ਪਹਿਲਾਂ ਜਿਨੀ ਵੀ ਐਸ਼ ਹੋ ਸਕੇ ਕਰ ਲੈਣੀ ਚਾਹੀਦੀ ਹੈ , ਬਸ ਨੱਚੋ ਗਾਓ,ਖਾਓ ਪੀਓ ਤੇ ਐਸ਼ ਕਰੋ, ਜੀਓ ਤੋ ਹਰ ਪਲ ਐਸੇ ਜੀਓ ਜੈਸੇ ਕਿ ਆਖਰੀ ਪਲ ਹੋ । “
ਤੇ ਦੂਜੇ ਪਾਸੇ ਸਿਆਣੀ ਉਮਰ ਦੇ ਲੋਕ ਜਿਹੜੇ ਕਿ ਨੌਜਵਾਨਾਂ ਦੇ ਜੋਸ਼ ਨੂੰ ਤਜ਼ਰਬੇਦੀ ਸਹੀ ਦਿਸ਼ਾ ਦੇਣ ਦੇ ਕਾਬਿਲ ਹੁੰਦੇ ਹਨ , ਉਨ੍ਹਾਂ ਨੂੰ ਵਰਗਲਾਉਣ ਲਈ ਇਸ ਨਾਸ਼ਵਾਨਤਾ ਦੇਵਿਚਾਰ ਦੀ ਵਿਆਖਿਆ ਕੁਝ ਇਸ ਤਰਾਂ ਕੀਤੀ ਜਾਂਦੀ ਹੈ ਕਿ “ਇਹ ਜੀਵਨ ਇਹ ਦੁਨੀਆ ਨਾਸ਼ਵਾਨ ਹੈ , ਫਾਨੀ ਹੈ, ਮਾਇਆ ਜਾਲ ਹੈ ਅਤੇ ਝੂਠੀ ਹੈ। ਮੌਤ ਹੀ ਜ਼ਿੰਦਗੀ ਦੀ ਅਸਲ ਸੱਚਾਈ ਹੈ । ਇਸ ਲਈ ਇਸ ਧਰਤੀ ਤੇ ਜੀਊਣ ਦੇ ਹਾਲਾਤ ਸੁਧਾਰਨ ਬਾਰੇ ਜ਼ਿਆਦਾ ਫਿਕਰ-ਫੁਕਰ ਕਰਨ ਦੀ ਲੋੜ ਨਹੀਂ ਹੈ , ਕਿਓਂਕਿ ਇਹ ਦੁਨੀਆਂ ਤਾਂ ਆਤਮਾ ਦਾ ਅਸਲੀ ਘਰ ਹੈ ਹੀ ਨਹੀਂ , ਆਤਮਾ ਨੇ ਤਾਂ ਮਰਨ ਤੋਂ ਬਾਦਆਪਣੇ ਅਸਲੀ ਘਰ ਜਾਣਾ ਹੈ । ਮਨੁੱਖ ਦੀ ਜ਼ਿੰਦਗੀ ਦਾ ਮਕਸਦ ਸਿਰਫ਼ ਮੌਤ ਤੋਂ ਬਾਅਦ ਵਾਲੇ ਜੀਵਨ ਬਾਰੇ ਕਰਮ-ਕਾਂਡ ਕਰਨਾ ਹੈ , ਹਰ ਕੋਈ ਬਸ ਮਰਨ ਲਈ ਹੀ ਜੰਮਦਾ ਹੈ”।
ਖੈਰ ਇਸ ਤਰਾਂ ਇਹੋ ਜਿਹੇ ਸਿਧਾਂਤਾਂ ਦੀ ਗੁਮਰਾਹਕੁੰਨ ਵਿਆਖਿਆ ਕਰ ਕੇ ਆਮ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾਂਦਾ ਹੈ, ਤਾਂ ਜੋ ਉਹ ਵਿਤਕਰਾ ਵੇਖ ਕੇ,ਸਹਿ ਕੇ ਬੇਚੈਨ ਨਾ ਹੋਣ ,ਹਾਕਮਾਂ ਦਾ ਵਿਰੋਧ ਕਰਨ ਬਾਰੇ ਨਾ ਸੋਚਣ ਅਤੇ ਆਪਣੀ ਗੁਰਬਤ ਲਈ ਆਪਣੇ ਆਪ ਨੂੰ ਜਾਂ ਪਰਮਾਤਮਾ ਨੂੰ ਹੀ ਜਿੰਮੇਵਾਰ ਸਮਝਣ, ਅਤੇ ਆਪਣੇ ਨਾਲ ਸਦੀਆਂ ਤੋਂ ਹੁੰਦੇ ਆ ਰਹੇ ਧੱਕੇ ਨੂੰ ਆਪਣੀ ਹੋਣੀ ਸਮਝ ਕੇ ਜਰ ਲੈਣ ।
ਆਮ ਲੋਕਾਂ ਵਿੱਚ ਇਨ੍ਹਾਂ ਵਿਚਾਰਾਂ ਦਾ ਪ੍ਰਸਾਰ ਕਰਨ ਵਿੱਚ ਸਿਰਫ਼ ਲੁੱਟਣ ਵਾਲੀ ਧਿਰ ਦਾ ਹੀ ਫਾਇਦਾ ਹੁੰਦਾ ਹੈ, ਇਸ ਕਰਕੇ ਇਨ੍ਹਾਂ ਗੱਲਾਂ ਦਾ ਪਰਚਾਰ ਹਰ ਸਮਾਜ ਵਿੱਚ ਸਮੇਂ-ਸਮੇਂ ਲੁੱਟ ਦਾ ਸਿਲਸਿਲਾ ਜਾਰੀ ਰੱਖਣ ਲਈ ਕੀਤਾ ਹੈ। ਤੇ ਜੇ ਭਾਰਤ ਦੀ ਗੱਲ ਕੀਤੀਜਾਵੇ ਤਾਂ ਸਾਡੇ ਮੁਲਕ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਲੋਭੀ ਤਾਕਤਾਂ ਦੇ ਹੱਥਠੋਕੇ ਬਣ ਕੇ ਇਨ੍ਹਾਂ ਗੱਲਾਂ ਨੂੰ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ । ਰਾਜ ਸੱਤਾ ਦਾ ਆਨੰਦ ਮਾਣਦੇ ਤੇ ਮਾਨਣਾ ਲੋਚਦੇ ਲੋਕਾਂ ਨੇ ਉਨ੍ਹਾਂ ਸੰਸਥਾਂਵਾਂ, ਡੇਰਿਆਂ ਨੂੰ ਪ੍ਰਫੁਲਿੱਤ ਕੀਤਾ, ਜਿਹੜੇ ਭੁੱਖ ਦੁੱਖ ਲਈ ਰੱਬ ਨੂੰ ਜਾਂ ਆਪਣੇ ਆਪ ਨੂੰ ਹੀ ਦੋਸ਼ੀ ਠਹਿਰਾਉਦੇ ਹਨ ।
ਅਸਲ ਵਿੱਚ ਜਿਹੜੇ ਲੋਕ ਧਰਤੀ ਅਤੇ ਸਾਰੀ ਦੌਲਤ ਨੂੰ ਹੜੱਪਣਾ ਲੋਚਦੇ ਨੇ, ਉਹ ਲੋਕਾਈ ਨੂੰ ਅਜਿਹੇ ਵਿਚਾਰ ਸੱਭਿਆਚਾਰਕ ਤੌਰ ਤੇ ਪ੍ਰਵਾਨਤ ਕਰਾਉਂਦੇ ਹਨ , ਕਿਓਂਕਿਸਭਿਆਚਾਰ ਇੱਕ ਇਹੋ ਜਿਹੀ ਸਰਵਵਿਆਪੀ ਮਸ਼ੀਨ ਹੈ ਜੋ ਕਿ ਰਾਜਨੀਤਕ ਤੇ ਆਰਥਕ ਢਾਂਚੇ ਦੇ ਮੁਕਾਬਲੇ ਸਭ ਤੋਂ ਸ਼ਕਤੀਸ਼ਾਲੀ, ਜਟਿਲ, ਤੇ ਸਭ ਤੋਂ ਹੌਲੀ ਬਦਲਦੀ ਹੈ । ਕਾਰਨ ਕੀ ? ਉਹ ਇਹ ਕਿ ਇਹ ਮਨੋਵਿਗਿਆਨਕ ਢੰਗ ਨਾਲ ਕੰਮ ਕਰਕੇ, ਆਪਣੀਆਂ ਕਦਰਾਂ ਕੀਮਤਾਂ ਨੂੰ ਅਗਲੀ ਪੀੜ੍ਹੀ ਵਿੱਚ ਭਰਦੀ ਹੈ। ਤੇ ਕੋਈਵਿਅਕਤੀ ਬਹੁਤੀ ਵਾਰ ਉਨ੍ਹਾਂ ਗੱਲਾਂ ਨੂੰ ਹੀ ਠੀਕ ਜਾਂ ਗਲਤ ਮੰਨਦਾ ਹੈ ਜੋ ਉਸ ਵਿੱਚ ਨਿੱਕੇ ਹੁੰਦੇ ਤੋਂ ਭਰੀਆਂ ਜਾਂਦੀਆਂ ਨੇ । ਇਸ ਤਰਾਂ ਸਮੁੱਚੇ ਸਮਾਜ ਦੀ ਇੱਕ ਸੋਚ ਉਸਰਦੀ ਹੈ । ਤੇ ਸਮਾਜਕ ਪੱਧਰ ਤੇ ਸੋਚ ਨੂੰ ਬਦਲਣ ਦਾ ਜਮੂਦ ਔਖਾ ਹੀ ਟੁੱਟਦਾ ਹੈ, ਖਾਸ ਕਰ ਓਦੋਂ ਜਦੋਂ ਉਸ ਸੋਚ ਸਦਕਾ ਕਿਸੇ ਸ਼ਕਤੀਸ਼ਾਲੀ ਤਬਕੇ ਨੂੰ ਅਥਾਹ ਲਾਭ ਵੀ ਮਿਲ ਰਿਹਾ ਹੋਵੇ। ਜਿਵੇਂ ਉਦਾਹਰਣ ਦੇ ਤੌਰ ਤੇ ਹਰ ਮੁਲਕ ਵਿੱਚ ਰਾਜਿਆਂ ਨੇ ਪਰਜਾ ਉੱਤੇ ਆਪਣੇ ਸ਼ਾਸਨ ਕਰਨ ਦੇ ਅਧਿਕਾਰ ਅਤੇ ਆਪਣੇ ਆਪ ਦੇ ਸਭ ਤੋਂ ਸਰਵਸ਼੍ਰੇਸ਼ਠ ਹੋਣ ਨੂੰ ਜਾਇਜ਼ ਸਾਬਤ ਕਰਨ ਲਈ ਸਮਾਜਕ ਪੱਧਰ ਤੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦਾ ਤਾਂ ਖੂਨ ਹੀ ਸ਼ਾਹੀ ਹੈ , ਰਾਇਲ ਹੈ, ਬਾਕੀਆਂ ਨਾਲੋਂ ਖਾਸ ਹੈ । ਇਸ ਲਈ ਸਿਰਫ਼ ਉਨ੍ਹਾਂ ਨੂੰ ਹੀ ਲੋਕਾਂ ਉੱਤੇ ਰਾਜ ਕਰਨ ਦਾ ਅਸਲੀ ਹੱਕ ਹੈ । ਉਨ੍ਹਾਂ ਦੀ ਸੇਵਾ ਕਰਨਾ,ਉਨ੍ਹਾਂ ਨੂੰ ਲਗਾਨ ਦੇਣੇ, ਉਨਾਂ ਲਈ ਜੰਗਾਂ ਲੜਨਾ ਮਰਨਾ ਹੀ ਪਰਜਾ ਦਾ ਅਸਲੀ ਕਰਤੱਵ ਹੈ । ਇਸ ਤਰਾਂ ਲੁੱਟ ਤੇ ਰਾਜ ਚੱਲਦਾ ਰਹਿੰਦਾ ਹੈ,ਕਿਓਂਜੋ ਸ਼ੋਸ਼ਿਤ ਧਿਰ ਉਸ ਨੂੰ ਮਾਨਸਿਕ ਤੌਰ ਤੇ ਠੀਕ ਮੰਨਣ ਲੱਗ ਜਾਂਦੀ ਹੈ।
ਸੱਭਿਆਚਾਰਕ ਵਰਤਾਰੇ ਰਾਹੀਂ ਲੋਕਾਂ ਨੂੰ ਮਾਨਸਿਕ ਤੌਰ ਤੇ ਕੰਟਰੋਲ ਕਰਨ ਦੀ ਸਭ ਤੋਂ ਢੁਕਵੀਂ ਉਦਾਹਰਣ ਹੈ ਭਾਰਤੀ ਸਮਾਜ ਦੀ ਜਾਤ ਪ੍ਰਥਾ, ਜਿਸ ਵਿੱਚ ਰਾਜ-ਤੰਤਰ ਵੱਲੋਂ ਸਮਾਜ ਦਾ ਇੱਕ ਇਹੋ ਜਿਹਾ ਮਾਡਲ ਤਿਆਰ ਕੀਤਾ ਗਿਆ, ਜਿਸ ਵਿੱਚ ਜਨਮ ਤੋਂ ਹੀ ਕੋਈ ਬੰਦਾ ਕਿਸੇ ਕਿਸਮ ਦਾ ਕੰਮ ਕਰਨ ਵਾਲੇ ਲੋਕਾਂ ਦੇ ਘਰ ਜੰਮਣ ਕਰਕੇ ਉੱਚਾ ਜਾਂ ਨੀਂਵਾਂ , ਮਹਾਨ ਜਾਂ ਅਛੂਤ ਸੀ। ਜਿਸ ਵਿੱਚ ਕਾਬਜ ਚੁਸਤ ਲੋਕਾਂ ਨੇ ਦੂਜਿਆਂ ਨੂੰ ਨੀਵਾਂ ਕਰਾਰ ਦੇ ਕੇ, ਅੰਧਵਿਸ਼ਵਾਸ ਫੈਲਾ ਕੇ, ਸਵਰਗਨਰਕਆਤਮਾਵਾਂ ਤੇਰੱਬ ਤੋਂ ਡਰਾ-ਡਰਾ ਕੇ , ਅਤੇਦੂਜੇ ਬੰਨੇ ਆਪ ਰੱਬ ਦੇ ਖਾਸਮਖਾਸ ਬਣ ਕੇ ਸਦੀਆਂ ਤੋਂ ਲੋਕਾਈ ਨੂੰਅਧੀਨ ਰੱਖ ਕੇ ਖੂਬ ਵਰਤਿਆ ਲੁੱਟਿਆ।
ਸਮਾਜਕ ਤੌਰ ਤੇ ਇਸ ਅਨਿਆਈਂ ਸਮਾਜਕ ਵਰਤਾਰੇ ਨੂੰ , ਸੱਭਿਆਚਾਰ ਵਜੋਂ ਪ੍ਰਚਾਰ ਕੇ ਲੋਕਾਂ ਦੀ ਸੋਚ ਦਾ ਹਿਸਾ ਬਣਾ ਦੇਣ ਕਰਕੇ ਹੀ, ਹਿੰਦੋਸਤਾਨ ਵਿਚ ਸ਼ੋਸ਼ਿਤ ਧਿਰ ਲੰਮਾ ਸਮਾਂ ਇਸਨੂੰ ਸਹਿੰਦੀ ਰਹੀ । ਇਹਦੇ ਮੁਕਾਬਲੇ ਜੇ ਵੇਖਿਆ ਜਾਵੇ ਤਾਂ ਪਹਿਲੀ ਸਦੀ (73-74 ਈਸਵੀ)ਦੇ ਯੂਰਪੀ ਰੋਮਨ ਸਾਮਰਾਜ ਵਿੱਚ ਵੀ ਉੱਥੋਂ ਦੇ ਗੁਲਾਮਾਂ ਨੇ ਆਪਣੇ ਨਾਲ ਹੁੰਦੇ ਅਕਹਿ ਸ਼ੋਸ਼ਣ/ਜ਼ੁਲਮ ਤੋਂ ਤੰਗ ਆ ਕੇ ਸਪਾਰਟਕਸ ਦੀ ਅਗਵਾਈ ਹੇਠ ਵਿਸ਼ਾਲ ਵਿਦਰੋਹ ਕੀਤਾ ਸੀ। ਭਾਂਵੇ ਕਿ ਉਸਨੂੰ ਬਹੁਤ ਬੇਰਿਹਮੀ ਨਾਲ ਕੁਚਲ ਦਿੱਤਾ ਗਿਆ ਸੀ, ਪਰ ਇਹੋ ਜਿਹੇ ਵਿਦਰੋਹ ਗੁਲਾਮੀ ਪ੍ਰਥਾ ਦੇ ਖਤਮ ਹੋਣ ਦਾ ਕਾਰਨ ਜ਼ਰੂਰ ਬਣੇ ।
ਭਾਰਤ ਤਾਂ ਸਦੀਆਂ ਪਹਿਲਾਂ ਹੀ ਇੰਗਲੈਂਡ ਫਰਾਂਸ ਜਿਹੇ ਪੂੰਜੀਪਤੀ ਦੇਸ਼ਾਂ ਤੋਂ ਸਾਹਿਤਕ , ਦਾਰਸ਼ਨਿਕ ਪੱਖ ਤੋਂ ਕਿਤੇ ਅੱਗੇ ਨਿਕਲਿਆ ਹੋਇਆ ਸੀ ,ਫਿਰ ਵੀ ਇਹ ਅਨਿਆਈਂ ਸਮਾਜਕ ਮਾਡਲ ਇਥੇ ਏਨਾ ਸਫਲ ਤੇ ਸਥਿਰ ਸਾਬਤ ਹੋਇਆ ਅਤੇ ਸ਼ੋਸ਼ਿਤ ਧਿਰ ਦੇ ਬਹੁਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਕਦੇ ਇਹਦਾ ਵੱਡੇ ਪੱਧਰ ਉੱਤੇ ਵਿਰੋਧ ਹੀ ਨਹੀਂ ਹੋਇਆ?
ਕਿਓਂਕਿ ਸਮਾਜਿਕ ਸੱਭਿਆਚਾਰਕ ਢਾਂਚਾ ਲੋਕਾਂ ਦੇ ਦਿਲੋ ਦਿਮਾਗ ਨੂੰ ਆਪਣੀਆਂ ਕਦਰਾਂ ਨਾਲ ਵਲ੍ਹੇਟ ਮਾਰ ਕੇ ਕਾਬੂ ’ਚ ਰੱਖਦਾ,ਜੇ ਆਰਥਿਕ ਲੁੱਟ ਇਹਦੇ ਪੱਧਰ ਉੱਤੇ ਸ਼ਾਮਿਲ ਹੋ ਜਾਵੇ ਤਾਂ ਉਹਦੀਆਂ ਜੜ੍ਹਾਂ ਹੋਰ ਡੂੰਘੀਆਂ ਚਲੇ ਜਾਂਦੀਆਂ ।ਇਸੇ ਕਰਕੇ ਜਾਤ-ਪ੍ਰਥਾ ਸਾਡੇ ਸਮਾਜ ਦੇ ਜੜ੍ਹੀਂ ਬੈਠੀ ਰਹੀ । ਤੇ ਇਹਦਾ ਵਿਰੋਧ ਇਸ ਲਈ ਨਹੀਂ ਹੋਇਆ ਕਿਓਂਕਿ ਅਖੌਤੀ ਨੀਵੀਆਂ ਗਰਦਾਨੀਆਂ ਜਾਤਾਂ ਨੂੰਨਿੱਕੇ ਹੁੰਦੇ ਤੋਂ ਜਤਾਇਆ ਕਿ “ਤੁਸੀਂ ਨੀਂਵੇਂ ਹੋ , ਅਛੂਤ ਹੋ , ਇਵੇਂ ਹੀ ਰਹਿਣਾ ।ਅਸੀਂ ਰੱਬ ਦੇ ਸਿਰ ਚੋਂ ਨਿਕਲੇ ਹਾਂ ਤੇ ਤੁਸੀਂ ਪੈਰਾਂ ਚੋਂ , ਤੁਹਾਡੀ ਕਿਸਮਤ ਖਰਾਬ ਹੈ , ਤੁਸੀਂ ਪਿਛਲੇ ਜਨਮ ਵਿੱਚ ਕੋਈ ਪਾਪ ਕੀਤੇ ਸੀ ਤਾਂ ਕਰ ਕੇ ਰੱਬ ਨੇ ਤੁਹਾਨੂੰ ਨੀਂਵੇ ਪੈਦਾ ਕੀਤਾ, ਤੁਹਾਡੇ ਲੇਖ ਮਾੜੇ ਨੇ,” ਆਦਿ ਹੋਰ ਝੂਠ ਪਰਚਾਰ । ਜਿਨ੍ਹਾਂ ਵਿਅਕਤੀਆਂ ਦੀ ਸਕੂਲਿੰਗ ਨਿੱਕੇ ਹੁੰਦੇ ਤੋਂ ਇਨ੍ਹਾਂ ਗੱਲਾਂ ਨਾਲ ਕੀਤੀ ਗਈ ਹੋਵੇ, ਖਾਸ ਕਰ ਜਦੋਂ ਸਕੂਲਿੰਗ ਕਰਨ ਦਾ ਸਮਾਜ ਤੋਂ ਇਲਾਵਾ ਦੂਜਾ ਹੋਰ ਕੋਈ ਸ੍ਰੋਤ ਨਾ ਹੋਵੇ, ਉਨ੍ਹਾਂ ਵਿੱਚੋਂ ਕੋਈ ਟਾਂਵਾ ਹੀ ਜੋਤੀ ਬਾ ਫੂਲੇ ,ਅੰਬੇਦਕਰ ਵਰਗਾ ਅਸਾਧਾਰਨ ਹੋਵੇਗਾਅ, ਜਿਹੜਾ ਆਪਣੀ ਹੀਣਤਾ ਨੂੰ ਸਵੀਕਾਰ ਨਹੀਂ ਕਰੇਗਾ, ਤੇ ਵਿਰੋਧ ਕਰੇਗਾ । ਬਹੁਤੇ ਇਹਨੂੰ ਹੀ ਪੂਰਨ ਸੱਚ ਸਮਝਣਗੇ। ਇਸੇ ਲਈ ਹੀ ਲੋਕ ਸਦੀਆਂ ਤਕ ਅਕਹਿ ਜ਼ੁਲਮ ਸਹਿੰਦੇ ਹੋਏ ਵੀ ਚੁੱਪ ਰਹੇ।
ਹਾਲਾਂਕਿ ਇਹ ਤੰਤਰ ਜਿਹੜਾ ਸਾਡੇ ਸਮਾਜ ਨੂੰ ਸਦੀਆਂ ਤਕ ਬਿੱਜ ਵਾਂਗ ਚਿੰਬੜਿਆ ਰਿਹਾ ਇਹਨੂੰ ਇਤਿਹਾਸ ਵਿੱਚ ਅਨੇਕਾਂ ਮਹਾਂਪੁਰਸ਼ਾਂ ਵੱਲੋਂ ਖਤਮ ਕਰਨ ਦੇ ਯਤਨ ਕੀਤੇ ਗਏ ਤੇ ਕਿਸੇ ਹੱਦ ਤਕ ਕਾਮਯਾਬ ਵੀ ਹੋਏ । ਪਰ ਇਨ੍ਹਾਂ ਸਾਰਿਆਂ ਵਿੱਚੋਂ ਜਿਸ ਘਟਨਾ ਨੇ ਇਸ ਤੰਤਰ ਦੀਆਂ ਜੜ੍ਹਾਂ, ਮਤਲਬ ਕੰਮਾਂ ਧੰਦਿਆਂ ਦੀ ਪੁਸ਼ਤੈਨੀ ਵੰਡ ਤੇ ਮਾਨਸਿਕ ਗੁਲਾਮੀ ਕਰਾਉਣ ਵਾਲੀ ਹੀਣ ਭਾਵਨਾ ਉੱਤੇ ਸਭ ਤੋਂ ਵੱਧ ਸੱਟ ਮਾਰੀ , ਉਹ 1699 ਈ. ਵਿੱਚ ਗੁਰੂ ਨਾਨਕ ਪਰੰਪਰਾ ( ਸਾਂਝੀ ਲੰਗਰ ਪ੍ਰਥਾ, ਸਰੋਵਰ, ਸਰਬ ਸਾਂਝਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸਭ ਲਈ ਖੁੱਲੇ ਗੁਰਦੁਆਰੇ, ਮਰਦਾਨਾ ਜੀ ਦਾ ਸਾਥ) ਨੂੰ ਅੱਗੇ ਵਧਾਉਂਦਿਆਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਖਾਲਸਾ ਪੰਥ ਦੀ ਸਾਜਨਾ ਸੀ , ਜਿਸ ਵਿੱਚ ਗਰੂ ਜੀ ਨੇ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ ਕਿਹਾ ਕਿ ਅੱਜ ਤੋਂ ਅਸੀਂ ਸਾਰੇ ਬਰਾਬਰ ਹਾਂ , ਮੇਰੇ ਬੱਚਿਆਂ ਦੀ ਜਾਨ ਤੁਹਾਡੇ ਬੱਚਿਆਂ ਦੀ ਜਾਨ ਨਾਲੋਂ ਵੱਧ ਕੀਮਤੀ ਨਹੀਂ, ਸਾਨੂੰ ਕਿਸੇ ਰਾਜੇ ਦੀ ਲੋੜ ਨਹੀਂ , ਅਸੀਂ ਆਮ ਕਿਰਤੀ ਲੋਕਏਨੇ ਕਾਬਲ ਹਾਂ ਕਿ ਆਪਣੇ ਆਪ ਤੇ ਆਪ ਰਾਜ ਕਰ ਸਕਦੇ ਹਾਂ , ਇਕੱਠੇ ਹੋ ਕੇ ਜ਼ੁਲਮ ਦਾ ਟਾਕਰਾ ਕਰ ਸਕਦੇ ਹਾਂ , ਇਸਦਾ ਮੂੰਹ ਭੁਆਂ ਸਕਦੇ ਹਾਂ । ਇਸ ਕਦਮ ਨੇ ਲੋਕਾਂ ਨੂੰ ਹੀਣ ਭਾਵਨਾ ਤੋਂ ਅਜ਼ਾਦ ਕਰ ਦਿੱਤਾ,ਪੰਜਾਬ ਦਾ ਚਰਿੱਤਰ ਮੁੜ ਘੜਿਆ , ਅਣਖੀ ਜੁਝਾਰੂ ਤੇ ਸਵੈ-ਮਾਣ ਵਾਲ਼ਾ ਬਣਾ ਦਿੱਤਾ ਅਤੇ ਲੋਕਾਂ ਦਾ ਖੁੱਸਿਆ ਹੋਇਆ ਆਤਮ ਵਿਸ਼ਵਾਸ ਮੁੜ ਸੁਰਜੀਤ ਕਰ ਦਿੱਤਾ। ਇਸ ਦੇ ਨਾਲ ਹੀ ਦਸਮ ਪਿਤਾ ਨੇ ਸਮਾਜ ਦੇ ਇਹੋ ਜਿਹੇ ਮਾਡਲ ਦੀ ਨੀਂਹ ਰੱਖੀ ਜਿਸ ਵਿੱਚ ਉਨ੍ਹਾਂ ਕਿਹਾ ਉਸਾਰੂ ਸੁੱਚੀ ਸੋਚ ਵਾਲੇ ਬਹਾਦੁਰ ਲੋਕ ਜਿਹੜੇ ਕਿ ਹਰ ਦਿਨ ਗੁਰੂ ਦੀ ਬਾਣੀ ਤੋਂ ਸੇਧ ਲੈ ਕੇ ਉੱਚੀਆਂ ਕਦਰਾਂ ਵਾਲਾ ਸੁੱਚਾ ਜੀਵਨ ਜੀਊਣਗੇ, ਬਿਨਾ ਕਿਸੇ ਬਾਹਰੀ ਸ਼ਕਤੀ ਦੇ ਬਰਾਬਰੀ ਦੇ ਅਧਾਰ ਉੱਤੇ ਆਪਣੇ ਆਪ ਉੱਤੇ ਜਮਹੂਰੀ ਢੰਗ ਨਾਲ ਆਪ ਰਾਜ ਕਰਨਗੇ । ਸ਼ਾਇਦ ਇਸੇ ਹੀ ਕਰਕੇ 1699 ਈਸਵੀ ਤੋਂ ਬਾਅਦ ਪਹਾੜੀ ਰਾਜੇ ਅਤੇ ਦਿੱਲੀ ਦੀ ਮੁਗਲ ਹਕੂਮਤ ਦੋਵੇਂ ਹੀਗੁਰੂ ਜੀ ਪਿੱਛੇ ਵੱਧ ਹੱਥ ਧੋ ਕੇ ਪੈ ਗਏ , ਕਿਓਂਕਿ ਉਨ੍ਹਾਂ ਨੂੰ ਆਪਣੀ ਰਾਜਾਸ਼ਾਹੀ ਦਾ ਮਨੋਵਿਗਿਆਨਕ ਢੰਗ ਨਾਲ ਗੁਲਾਮ ਬਣਾ ਕੇ ਰਾਜ ਕਰਨ ਦਾ ਅਧਾਰ ਹੀ ਖੁੱਸਦਾ ਦਿੱਸਿਆ ਹੋਊਗਾ । ਸਮੁੱਚੇ ਰੂਪ ਵਿਚ ਸਿੱਖ ਫ਼ਲਸਫੇ ਦੀ ਆਤਮਾ ਪ੍ਰਗਤੀਸ਼ੀਲ ਹੈ ਜੋ ਅਜੋਕੀਆਂ ਸਭ ਪ੍ਰਗਤੀਸ਼ੀਲ ਲਹਿਰਾਂ ਦੀ ਮਾਣਯੋਗ ਵਿਰਾਸਤ ਅਤੇ ਕਈ ਪੱਖਾਂ ਤੋਂ ਮਾਰਗਦਰਸ਼ਕ ਵੀ ਹੈ । ਇਹ ਅੱਜ ਵੀ ਦੁਨੀਆਂ ਭਰ ਵਿਚ ਧਾਰਮਕ ਕੱਟੜਤਾ ਦੇ ਲਾਂਬੂ ਬਾਲਣ ਦੀਆਂ ਕੋਸ਼ਿਸ਼ਾਂ ਨੂੰ ਠੱਲ੍ਹਣ ਲਈ ਬਦਲਵਾਂ ਸਹਿਣਸ਼ੀਲ ਸਰਬਸਾਂਝਾ ਬਦਲ ਬਣਨ ਦੇ ਸਮਰੱਥ ਵੀ ਹੈ । ਬਸ਼ਰਤੇ ਕਿ ਖੁਦ ਕੱਟੜਤਾ ਤੋਂ ਬਚ ਕੇ ਰਵ੍ਹੇ, ਭਾਵੇਂ ਕਿ ਵਿਰੋਧੀ ਕਿੰਨਾ ਵੀ ਭੜਕਾਉਣ ।
ਸੋ , ਕਹਿਣ ਦਾ ਭਾਵ ਇਹ ਕਿ ਰਾਜ ਕਰਦੀਆਂ ਧਿਰਾਂ ਨਹੀਂ ਚਹੁੰਦੀਆਂ, ਬਈਜਿਹੜੇ ਲੋਕਾਂ ਨੂੰ ਹਰ ਤਰਾਂ ਅਧੀਨ ਕਰਕੇ ਉਹ ਰਾਜ ਕਰ ਰਹੀਆਂ ਨੇ, ਉਨ੍ਹਾਂ ਨੂੰ ਕੋਈ ਅਕਲ ਆ ਜਾਵੇ… ਆਪਣੀ ਅਸਲ ਤਾਕਤ ਦਾ ਪਤਾ ਲੱਗ ਜਾਏ…ਉਨ੍ਹਾਂ ਨਾਲ ਹੋ ਰਹੇ ਧੱਕੇ ਦਾ ਅਹਿਸਾਸ ਹੋ ਜਾਵੇ… ਧੱਕਾ ਕਰਨ ਵਾਲੀ ਧਿਰ ਦਾ ਇਲਮ ਹੋ ਜਾਵੇ…ਉਹ ਲੋਕ ਵੀ ਆਪਣੇ ਆਪ ਉੱਤੇ ਮਾਣ ਮਹਿਸੂਸ ਕਰਨ… ਆਤਮ ਵਿਸ਼ਵਾਸੀ ਬਣਨ… ਕਦੇ ਇਕੱਠੇ ਹੋਣ ਤੇ ਕਿਸੇ ਉਸਾਰੂ ਤਬਦੀਲੀ ਦਾ ਮੁੱਢ ਬੰਨ੍ਹਣ ।
ਪੜ੍ਹਾਈ-ਲਿਖਾਈ ਤੋਂ ਵਾਂਝਾ ਕਰਨਾ , ਮੀਡੀਏ ਵਿਚ ਸੂਚਨਾ / ਗਿਆਨ ਦੀ ਥਾਂ ਅੱਧ ਨੰਗੀਆਂ ਔਰਤਾਂ ਵਾਲੇ ਇਸ਼ਤਿਹਾਰ ਵੱਧ ਲੱਗਣੇ ,ਕਿਤਾਬਾਂ ਦੀ ਥਾਂ ਫੋਨ , ਪਰਚਾਰ ਦੇ ਹਰ ਮਾਧਿਅਮ ਰਾਹੀਂ ਪੂੰਜੀਪਤੀਆਂ/ ਸਰਕਾਰਾਂ ਤੋਂ ਪੈਸੇ ਚੁੱਕ ਕੇ ਨਿੱਜ ਸਵਾਰਥ ਨੂੰ ਪਰਚਾਰਨਾ,ਮਨੋਰੰਜਨ ਦੇ ਮਾਧਿਅਮ ਰਾਹੀਂ ਚੱਤੋ ਪੈਰ ਸਿਰਫ਼ ਇਸ਼ਕ ਮੁਸ਼ਕ,ਲੜਾਈ ਝਗੜਾ ਤੇ ਨੱਚਣ ਗਾਉਣ ਨੂੰ ਹੀ ਉਤਸ਼ਾਹਿਤ ਕਰਨਾ , ਹਰ ਨੁੱਕਰ ਉੱਤੇ ਖੁੱਲ੍ਹੇ ਬਾਬਿਆਂ ਦੇ ਡੇਰਿਆਂ ਰਾਹੀਂ ਅੰਧ-ਵਿਸ਼ਵਾਸ ਤੇ ਕੂੜ ਪਰਚਾਰ ਫੈਲਾਉਣਾ , ਲੋਕਾਂ ਨੂੰ ਧਰਮ ਜਾਤ ਦੇ ਅਧਾਰ ਉੱਤੇ ਵੰਡੀ ਰੱਖਣਾ ਆਦਿ ਸਭ ਵਰਤਾਰਾ ਦੂਰ-ਦ੍ਰਿਸ਼ਟੀ ਪੱਖੋਂ ਆਮ ਲੋਕਾਂ ਦੇ ਹਿੱਤ ਵਿਚ ਨਹੀਂ ।
ਪਰ ਸਾਡਾ ਆਮ ਲੋਕਾਂ ਦਾ ਹਿੱਤ ਲੜ ਭਿੜ ਕੇ ਵੰਡੇ ਜਾਣ ਵਿੱਚ ਨਹੀਂ ਸਗੋਂ ਸਾਡੇ ਏਕੇ ਵਿੱਚ ਹੈ । ਨਿੱਜ ਸਵਾਰਥੀ , ਫੁਕਰੇ ਡਰੂ ਅਤੇ ਇਸ਼ਕਬਾਜ਼ ਬਣ ਜਾਣ ਵਿੱਚ ਨਹੀਂ , ਸਗੋਂ ਸਾਨੂੰ ਮੂਰਖ ਬਣਾਉਣ ਦੀ ਚਲਾਈ ਜਾ ਰਹੀ ਗੰਭੀਰ ਸਾਜਿਸ਼ ਨੂੰ ਸਮਝਣ ਵਿੱਚ ਹੈ । ਪੜ੍ਹਨ ਤੇ ਚਿੰਤਨ ਕਰਨ ਵਿਚ ਹੈ । ਮਾੜੇ ਹਲਾਤਾਂ ਤੋਂ ਘਬਰਾ ਕੇ ਏਥੋਂ ਭੱਜ ਜਾਣ ਵਿੱਚ ਨਹੀਂ, ਸਗੋਂ ਆਪਣੇ ਮਹਾਨ ਵੱਡ ਵਡੇਰਿਆਂ ਵਾਂਗ ਸਮਾਜ ਨੂੰ ਅਗਾਂਹਵਧੂ ਲੀਹਾਂ ’ਤੇ ਚਲਾਉਣ ਖਾਤਰ, ਇਨਸਾਨੀਅਤ ਤੇ ਆਤਮ ਵਿਸ਼ਵਾਸ ਨਾਲ ਇੱਥੇ ਚੰਗੇ ਜੀਵਨ ਲਈ ਸੰਘਰਸ਼ ਕਰਨ ਵਿੱਚ ਹੈ।
ਸੀਰਤ ਮੰਡ