ਨਵੀਂ ਦਿੱਲੀ, ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਰਾਸ਼ਟਰੀ ਸੋਇਮਸੇਵਕ ਸੰਘ (RSS) ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਿਆ ਹੈ ਅਤੇ ਇਸ ਵਿਚ ਦਿੱਲੀ ’ਚ ਭਾਜਪਾ ਉਤੇ ਵੋਟਾਂ ਕੱਟਣ ਅਤੇ ਪੈਸੇ ਵੰਡਣ ਦਾ ਦੋਸ਼ ਲਾਇਆ ਹੈ। ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਰਐਸਐਸ ਮੁਖੀ ਨੂੰ ਲਿਖੇ ਗਏ ਪੱਤਰ ਵਿੱਚ ਕਈ ਸਵਾਲ ਉਠਾਏ ਗਏ ਹਨ।
ਗ਼ੌਰਤਲਬ ਹੈ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਆਗਾਮੀ ਫਰਵਰੀ ਮਹੀਨੇ ਹੋਣੀਆਂ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਭਾਗਵਤ ਨੂੰ ਪੁੱਛਿਆ ਕਿ ਕੀ ਭਾਜਪਾ ਵੱਲੋਂ ਕੀਤੇ ਗਏ ਕਥਿਤ ‘ਗ਼ਲਤ ਕੰਮਾਂ’ ਨੂੰ ਵੀ ਆਰਐਸਐਸ ਦੀ ਹਮਾਇਤ ਹਾਸਲ ਹੈ? ਉਨ੍ਹਾਂ ਪੁੱਛਿਆ ਕਿ ਕੀ RSS ਭਾਜਪਾ ਆਗੂਆਂ ਵੱਲੋਂ ਵੋਟਾਂ ਖਰੀਦਣ ਲਈ ਖੁੱਲ੍ਹੇਆਮ ਵੰਡੇ ਜਾ ਰਹੇ ਪੈਸੇ ਅਤੇ ਭਗਵਾ ਪਾਰਟੀ ਵੱਲੋਂ ਪੂਰਵਾਂਚਲੀ ਅਤੇ ਦਲਿਤ ਵੋਟਾਂ ਨੂੰ ਵੱਡੇ ਪੱਧਰ ‘ਤੇ’ ਕੱਟੇ ਜਾਣ ਦਾ ਸਮਰਥਨ ਕਰਦੀ ਹੈ।
ਭਾਜਪਾ ਨੇ ‘ਆਪ’ ਅਤੇ ਕੇਜਰੀਵਾਲ ਉਤੇ ਦਿੱਲੀ ਵਿੱਚ ਰਹਿ ਰਹੇ ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀਆਂ ਨੂੰ ਚੋਣਾਂ ਵਿੱਚ ਵੋਟ ਬੈਂਕ ਵਜੋਂ ਵਰਤਣ ਲਈ ਦਸਤਾਵੇਜ਼ਾਂ ਅਤੇ ਪੈਸੇ ਨਾਲ ਮਦਦ ਕਰਨ ਦਾ ਦੋਸ਼ ਲਗਾਇਆ ਹੈ। ਕੇਜਰੀਵਾਲ ‘ਤੇ ਤਨਜ਼ ਕੱਸਦਿਆਂ ਦਿੱਲੀ ਭਾਜਪਾ ਦੇ ਮੁਖੀ ਵੀਰੇਂਦਰ ਸਚਦੇਵਾ ਨੇ ਉਨ੍ਹਾਂ ਨੂੰ ਨਵੇਂ ਸਾਲ ਦੇ ਸੰਕਲਪ ਵਜੋਂ ‘ਮਾੜੀ ਅਤੇ ਬੇਈਮਾਨ’ ਸਿਆਸਤ ਤੋਂ ਬਾਜ਼ ਆਉਣ ਦੀ ਅਪੀਲ ਕੀਤੀ ਹੈ।