ਜਲੰਧਰ- ਕਿਸਾਨੀ ਸੰਘਰਸ਼ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚਡੂਨੀ ਦਾ ਵੱਡਾ ਬਿਆਨ ਦਿੰਦੇ ਹੋਏ ਡੱਲੇਵਾਲ ਅਤੇ ਪੰਧੇਰ ‘ਤੇ ਸਵਾਲ ਚੁੱਕੇ ਹਨ। ਗੁਰਨਾਮ ਸਿੰਘ ਚਡੂਨੀ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਐੱਸ. ਕੇ. ਐੱਮ. ਦੋ ਫਾੜ ਹੋਇਆ ਹੈ ਤਾਂ ਉਸ ਦੀ ਵਜ੍ਹਾ ਜਗਜੀਤ ਸਿੰਘ ਡੱਲੇਵਾਲ ਹਨ। ਐੱਸ. ਕੇ. ਐੱਮ. ਨੂੰ ਦੋ ਫਾੜ ਕਰਨ ਵਾਲੇ ਡੱਲੇਵਾਲ ਹੀ ਹਨ। ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਚਡੂਨੀ ਨੇ ਕਿਹਾ ਕਿ ਮੈਂ ਖਨੌਰੀ ਬਾਰਡਰ ‘ਤੇ ਹਮਾਇਤ ਦੇਣ ਲਈ ਗਿਆ ਪਰ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਮੇਰਾ ਸਮਰਥਨ ਲੈਣ ਦੇ ਮੂਡ ਵਿਚ ਨਹੀਂ ਹਨ।
ਦੱਸ ਦਈਏ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪਿਛਲੇ ਸਾਲ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਖਨੌਰੀ ਸਰਹੱਦ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ (ਬੁੱਧਵਾਰ) 37ਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ। ਹੁਣ ਖਨੌਰੀ ਸਰਹੱਦ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਈ ਹੈ। ਇੱਥੇ ਹਰ ਰੋਜ਼ ਵੱਡੀ ਗਿਣਤੀ ‘ਚ ਲੋਕ ਪਹੁੰਚ ਰਹੇ ਹਨ। ਹਾਲਾਂਕਿ ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।