ਪਾਤੜਾਂ, ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਇਲਾਜ ਲਈ ਚੁੱਕਣ ਵਾਸਤੇ ਪੁਲੀਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਸਬੰਧ ਵਿਚ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਸੋਮਵਾਰ ਸਵੇਰੇ ਹੀ ਪਾਤੜਾਂ ਸ਼ਹਿਰ ਵਿੱਚ ਜਲ ਤੋਪਾਂ (Water Cannon) ਦੀਆਂ ਗੱਡੀਆਂ, ਅੱਥਰੂ ਗੈਸ ਦੇ ਗੋਲੇ ਦਾਗ਼ਣ ਵਾਲੀਆਂ ਗੱਡੀਆਂ ਅਤੇ ਹੋਰ ਪੁਲੀਸ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਹੈ।
ਇਹ ਗੱਡੀਆਂ ਅਥਰੂ ਗੈਸ ਦੇ ਗੋਲੇ ਸੁੱਟਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ।
ਇਸ ਦੇ ਟਾਕਰੇ ਲਈ ਕਿਸਾਨਾਂ ਵੱਲੋਂ ਰਾਤ ਭਰ ਤੋਂ ਹੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਦੇਰ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਫੇਸਬੁੱਕ ਉਤੇ ਲਾਈਵ (Facebook Live) ਹੋ ਕੇ ਕਿਸਾਨਾਂ ਨੂੰ ਢਾਬੀ ਗੁਜਰਾਂ ਬਾਰਡਰ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਗ਼ੌਰਤਲਬ ਹੈ ਕਿ ਉਕਤ ਬਾਰਡਰ ‘ਤੇ ਕਿਸਾਨਾਂ ਨੇ ਪਦਾਰਥਪੁਰੇ ਨੂੰ ਜਾਂਦੀ ਸੜਕ ਤੋਂ ਥੋੜਾ ਜਿਹਾ ਅੱਗੇ ਟਰਾਲੀਆਂ ਲਾ ਕੇ ਪੱਕੇ ਤੌਰ ‘ਤੇ ਸਟੇਜ ਵੱਲ ਜਾਣ ਵਾਲੇ ਵਾਹਨ ਰੋਕ ਦਿੱਤੇ ਹਨ ਅਤੇ ਸਟੇਜ ਵੱਲ ਜਾਣ ਵਾਲੇ ਹਰ ਵਿਅਕਤੀ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।