ਨਾਭਾ : ਟਰਾਲੀ ਚੋਰੀ ਮਾਮਲੇ ਵਿੱਚ ਨਾਮਜਦ ਆਮ ਆਦਮੀ ਪਾਰਟੀ ਦੇ ਆਗੂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਡੀਐਸਪੀ ਦਫਤਰ ਅੱਗੇ ਧਰਨੇ ਦੌਰਾਨ ਸਥਿਤੀ ਤਨਾਅਪੂਰਨ ਬਣ ਗਈ। ਇਸ ਦੌਰਾਨ ਡੀ ਐੱਸ ਪੀ ਮਨਦੀਪ ਕੌਰ ਕਿਸਾਨਾਂ ਦੀ ਧੱਕਾ ਮੁੱਕੀ ਦਾ ਸ਼ਿਕਾਰ ਹੋ ਗਏ। ਡੀਐਸਪੀ ਮਨਦੀਪ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਦਫਤਰ ਤੋਂ ਵਾਹਣ ਰਾਹੀਂ ਨਿਕਲ ਰਹੀ ਸੀ ਤਾਂ ਇਸੇ ਦੌਰਾਨ ਕਿਸਾਨਾਂ ਨੇ ਹੁੱਲੜਬਾਜੀ ਕਰਦਿਆਂ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਤੇ ਧੱਕਾ ਮੁੱਕੀ ਕਰਦਿਆਂ ਉਨ੍ਹਾਂ ਦੀ ਵਰਦੀ ਨੂੰ ਹੱਥ ਪਾਇਆ। ਡੀਐਸਪੀ ਨੇ ਦੋਸ਼ ਲਗਾਇਆ ਹੈ ਕਿ ਇਸ ਦੌਰਾਨ ਕਿਸਾਨਾਂ ਵੱਲੋਂ ਖਿੱਚ ਧੂ ਕਰਦਿਆਂ ਉਨ੍ਹਾਂ ਦੇ ਜੂੜੇ ਨੂੰ ਵੀ ਹੱਥ ਪਾਇਆ ਗਿਆ ਹੈ।
ਦੂਸਰੇ ਪਾਸੇ ਧਰਨਾ ਦੇ ਰਹੇ ਕਿਸਾਨ ਬੀਬੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਪੁਲਿਸ ਵੱਲੋਂ ਧੱਕਾ ਮੁੱਕੀ ਕੀਤੀ ਗਈ ਤੇ ਹੰਗਾਮੇ ਵਾਲੀ ਸਥਿਤੀ ਬਣਾਈ ਗਈ ਹੈ। ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਹਨ। ਜਦੋਂ ਕਿ ਇਸ ਤੋਂ ਉਲਟ ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ।
