ਵੈਨਕੂਵਰ, Canada News: ਕੈਨੇਡਾ ਦੀ ਘੱਟਗਿਣਤੀ ਜਸਟਿਨ ਟਰੂਡੋ (Justin Trudeau) ਸਰਕਾਰ ਵਿਰੁੱਧ ਵਿਰੋਧੀ ਕੰਜ਼ਰਵੇਟਿਵ ਪਾਰਟੀ ਆਗੂ ਪੀਅਰ ਪੋਲਿਵਰ ਵਲੋਂ ਸੋਮਵਾਰ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਤੀਜਾ ਤੇ ਆਖ਼ਰੀ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਗਿਆ। ਉਸ ਵਲੋਂ ਪਿਛਲੇ ਮਹੀਨਿਆਂ ਵਿੱਚ ਦੋ ਵਾਰ ਇੰਝ ਦੇ ਮਤੇ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਦਾ ਕਿਸੇ ਹੋਰ ਪਾਰਟੀ ਵਲੋਂ ਸਮਰਥਨ ਨਾ ਕੀਤੇ ਜਾਣ ਕਾਰਨ ਉਹ ਠੁੱਸ ਹੋ ਗਏ ਸਨ।
ਵਿਰੋਧੀ ਆਗੂ ਵਲੋਂ ਅਚਾਨਕ ਇਹ ਆਖਰੀ ਦਾਅ ਇਸ ਕਰਕੇ ਖੇਡਿਆ ਗਿਆ ਕਿ ਸਰਕਾਰ ਸਮਰਥਕ NDP ਆਗੂ ਜਗਮੀਤ ਸਿੰਘ ਵਲੋਂ ਸਰਕਾਰ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਜੀਐਸਟੀ ਦੀ ਛੋਟ ਅਤੇ ਢਾਈ ਸੌ ਡਾਲਰ ਦੀ ਰਾਹਤ ਅਦਾਇਗੀ ਵਿੱਚ ਪੈਨਸ਼ਨ ਅਧਾਰਤ ਬਜ਼ੁਰਗਾਂ ਨੂੰ ਵੀ ਜੋੜਿਆ ਜਾਵੇ। ਜਗਮੀਤ ਸਿੰਘ ਵਲੋਂ ਇਸ ਬਾਰੇ ਸਰਕਾਰ ਤੋਂ ਮੰਗ ਕੀਤੀ ਗਈ ਹੈ। ਸਿਆਸੀ ਸੂਝ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਵਿਰੋਧੀ ਆਗੂ ਨੇ ਜਗਮੀਤ ਸਿੰਘ ਦੀ ਇਸ ਨਾਰਾਜ਼ਗੀ ਦਾ ਫਾਇਦਾ ਚੁੱਕਣ ਦੀ ਤਾਕ ਵਿੱਚ ਹੀ ਬੇਭਰੋਸਗੀ ਮਤਾ ਪੇਸ਼ ਕੀਤਾ ਹੋਵੇਗਾ, ਜਿਸ ਵਿੱਚ ਅਸਫਲ ਹੋਣ ਕਰਕੇ ਉਸ ਨੇ ਆਪਣਾ ਆਖ਼ਰੀ ਮੌਕਾ ਵੀ ਗਵਾ ਲਿਆ ਹੈ।