ਨਵੀਂ ਦਿੱਲੀ : ਲਾਲ ਕਿਲੇ ਨੇੜੇ ਸੋਮਵਾਰ ਸ਼ਾਮ ਇਕ i20 ਕਾਰ ‘ਚ ਜ਼ੋਰਦਾਰ ਧਮਾਕਾ ਹੋਇਆ। ਇਸ ਆਤੰਕੀ ਹਮਲੇ ਨੇ ਰਾਜਧਾਨੀ ਦੀ ਸੁਰੱਖਿਆ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੌਕੇ ‘ਤੇ ਪਹੁੰਚੀ ਫੋਰੈਂਸਿਕ ਟੀਮ ਤੇ ਐਨਐਸਜੀ ਦੀ ਐਕਸਪਰਟ ਯੂਨਿਟ ਅਜੇ ਤਕ ਸਪਸ਼ਟ ਰਿਪੋਰਟ ਨਹੀਂ ਦੇ ਸਕੀ। ਮੁੱਢਲੇ ਨਿਰੀਖਣ ਤੇ ਮਲਬੇ ਦੀ ਹਾਲਤ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਵਿਸਫੋਟ ਆਮ ਗੈਸੀਅ ਦੁਰਘਟਨਾ ਨਹੀਂ ਹੈ। ਇਹ ਕਿਸੇ ਹਾਈ ਪਾਵਰਡ ਵਿਸਫੋਟਕ ਨਾਲ ਹੋਇਆ ਧਮਾਕਾ ਲੱਗਦਾ ਹੈ।
ਜਾਂਚ ਟੀਮਾਂ ਨੇ ਘਟਨਾ ਸਥਾਨ ਤੋਂ ਦਰਜਨਾਂ ਸਬੂਤ ਇਕੱਤਰ ਕੀਤੇ ਹਨ। ਕਾਰ ਦੇ ਟਾਇਰ, ਚੈਸੀ ਤੇ ਬੋਨਟ ਦੇ ਟੁੱਟੇ ਹਿੱਸੇ, ਕੁਝ ਪਾਊਡਰ ਦੇ ਅੰਸ਼ ਲੈਬ ਭੇਜੇ ਗਏ ਹਨ। ਇਨ੍ਹਾਂ ਨਮੂਨਿਆਂ ਦੀ ਰਸਾਇਣ-ਵਿਸ਼ਲੇਸ਼ਣ ਰਿਪੋਰਟ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਪੈਕਟੀਨ, ਆਰਡੀਐਕਸ, ਸੇਮਟੈਕਸ ਜਾਂ ਐਮੋਨੀਅਮ ਨਾਈਟਰੇਟ-ਈਂਧਨ ਤੇਲ (ANFO) ਵਿੱਚੋਂ ਕਿਸਦਾ ਇਸਤੇਮਾਲ ਕੀਤਾ ਗਿਆ ਸੀ। ਫਿਲਹਾਲ ਜਾਂਚ ਦੇ ਆਧਾਰ ‘ਤੇ ਵਿਸਫੋਟ ਦੀ ਤੀਬਰਤਾ ਨੂੰ ਦੇਖਦਿਆਂ ਫ਼ੌਜੀ-ਗਰੇਡ ਵਿਸਫੋਟਕ ਦੀ ਸੰਭਾਵਨਾ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਲਾਲ ਕਿਲੇ ਨੇੜੇ ਹੋਏ ਕਾਰ ਬਲਾਸਟ ਦੀ ਜਾਂਚ ਵਿਚ ਫੋਰੈਂਸਿਕ ਟੀਮਾਂ ਅਤੇ ਸੁਰੱਖਿਆ ਏਜੰਸੀਆਂ ਇਸ ਗੱਲ ਦਾ ਪਤਾ ਲਗਾਉਣ ‘ਚ ਜੁਟੀਆਂ ਹਨ ਕਿ ਵਿਸਫੋਟ ‘ਚ ਕਿਹੜਾ ਪਦਾਰਥ ਵਰਤਿਆ ਗਿਆ। ਮੁੱਢਲੀ ਚਰਚਾ ‘ਚ PETN (ਪੈਂਟੇਅਰਿਥ੍ਰਿਟੋਲ ਟੇਟ੍ਰਾਨਾਈਟ੍ਰੇਟ) ਦਾ ਨਾਂ ਵਾਰ-ਵਾਰ ਆ ਰਿਹਾ ਹੈ। ਇਹ ਇਕ ਬਹੁਤ ਹੀ ਤਾਕਤਵਰ ਤੇ ਸੰਵੇਦਨਸ਼ੀਲ ਵਿਸਫੋਟਕ ਹੈ ਜਿਸਨੂੰ ਸੇਮਟੈਕਸ ਵਰਗੇ ਮਿਸ਼ਰਤ ਪਦਾਰਥਾਂ ‘ਚ ਸ਼ਾਮਲ ਕੀਤਾ ਜਾਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ PETN ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਇਸਦੀ ਪਛਾਣ ਵੀ ਮੁਸ਼ਕਲ ਹੁੰਦੀ ਹੈ ਕਿਉਂਕਿ ਇਹ ਰੰਗਹੀਣ ਕ੍ਰਿਸਟਲ ਦੇ ਰੂਪ ਵਿਚ ਮਿਲਦਾ ਹੈ। ਹੋਰ ਆਮ ਵਿਸਫੋਟਕਾਂ ਦੇ ਮੁਕਾਬਲੇ ਇਸਦੀ ਘੱਟ ਮਾਤਰਾ ਵੀ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਸੁਰੱਖਿਆ ਏਜੰਸੀਆਂ ਇਸਨੂੰ ਗੰਭੀਰ ਖਤਰੇ ਦੇ ਰੂਪ ਵਿਚ ਦੇਖਦੀਆਂ ਹਨ। ਉਦਾਹਰਨ ਵਜੋਂ, 100 ਗ੍ਰਾਮ PETN ਕਾਰ ਦੇ ਪਰਖੱਚੇ ਉਡਾਉਣ ਲਈ ਕਾਫੀ ਹੈ। ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਅਨੇਕ ਸੈਂਪਲ ਇਕੱਠੇ ਕਰ ਕੇ ਪ੍ਰਯੋਗਸ਼ਾਲਾ ਟੈਸਟਿੰਗ ਲਈ ਭੇਜ ਦਿੱਤੇ ਹਨ।
ਪਿਛਲੇ ਵੱਡੇ ਮਾਮਲਿਆਂ ‘ਚ PETN ਅਤੇ ਐਮੋਨੀਅਮ ਨਾਈਟ੍ਰੇਟ ਵਰਗੇ ਪਦਾਰਥਾਂ ਦੀ ਚਰਚਾ ਰਹੀ ਹੈ, ਪਰ ਆਖ਼ਰੀ ਨਤੀਜਾ ਹਮੇਸ਼ਾ ਫੋਰੈਂਸਿਕ ਵਿਸ਼ਲੇਸ਼ਣ ‘ਤੇ ਨਿਰਭਰ ਕਰਦਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਜ਼ਰੂਰੀ ਕਾਰਵਾਈ ਰਿਪੋਰਟ ਆਉਣ ਦੇ ਬਾਅਦ ਕੀਤੀ ਜਾਵੇਗੀ।
