ਚੰਡੀਗੜ੍ਹ, 17 ਅਗਸਤ (ਦਲਜੀਤ ਸਿੰਘ)- ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ਤੇ ਲੱਗੀ ਪਾਬੰਦੀ ਕਾਰਨ ਭਾਰਤ ਵਿਸ਼ੇਸ਼ ਤੌਰ
ਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਮਾਤਰਾ ਵਿੱਚ ਭੁਗਤਾਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਧਿਆਨ ਖਿੱਚਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧਿਆ ਨੂੰ ਇਸ ਸਬੰਧ ਵਿੱਚ ਲੋੜੀਂਦੇ ਕਦਮ ਚੁੱਕ ਕੇ ਹਵਾਈ ਯਾਤਰਾ ਦੀਆਂ ਵਧੀਆਂ ਕੀਮਤਾਂ ਤੇ ਨਕੇਲ ਪਾਉਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਮਸਲੇ
ਤੇ ਸਬੰਧਤ ਮੰਤਰਾਲੇ ਨਾਲ ਗੱਲਬਾਤ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਹੈ। ਤਾਂ ਜੋ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਰਾਹਤ ਮਿਲ ਸਕੇ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ, ਜਿਨ੍ਹਾਂ ਨੇ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲਿਆ ਹੈ, ਉਹ ਵੱਧ ਖ਼ਰਚਿਆਂ ਦੇ ਬਾਵਜੂਦ ਵਿਦੇਸ਼ ਜਾਣ ਲਈ ਅਸਿੱਧੇ ਰਸਤਿਆਂ ਨੂੰ ਅਪਣਾ ਰਹੇ ਹਨ ਅਤੇ ਇਸ ਦੇ ਲਈ ਏਅਰਲਾਈਨ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲ ਕੀਤੇ ਜਾ ਰਹੇ ਹਨ।
ਕੈਨੇਡਾ ਲਈ ਕੋਈ ਸਿੱਧੀ ਉਡਾਣ ਨਾ ਹੋਣ ਕਾਰਨ ਜਿ਼ਆਦਾਤਰ ਉਡਾਣਾਂ ਜਰਮਨੀ, ਮੈਕਸੀਕੋ, ਮਲੇਸ਼ੀਆ, ਮਾਲਦੀਵ, ਸਰਬੀਆ, ਕਤਰ ਅਤੇ ਹੋਰ ਦੇਸ਼ਾਂ ਤੋਂ ਹੋ ਕੇ ਜਾ ਰਹੀਆਂ ਹਨ। ਇਨ੍ਹਾਂ ਅਸਿੱਧੇ ਰਸਤਿਆਂ ਲਈ ਹਵਾਈ ਕਿਰਾਇਆ ਸਿੱਧੀਆਂ ਉਡਾਣਾ ਦੇ ਮੁਕਾਬਲੇ ਵਿੱਚ 5 ਗੁਣਾ ਤੱਕ ਜਿ਼ਆਦਾ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੋਰੋਨਾ ਦੇ ਖੌਫ ਦਰਮਿਆਨ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਜਲਦੀ ਵਿੱਚ ਹਨ, ਭਾਵੇਂ ਉਨ੍ਹਾਂ ਨੂੰ ਇਸ ਦੀ ਵੱਧ ਕੀਮਤ ਹੀ ਕਿਉਂ ਨਾ ਦੇਣੀ ਪਵੇ ਪਰ ਢੀਂਡਸਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਮਾਪਿਆਂ ਦੀ ਇਸ ਮਜਬੂਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਹਵਾਈ ਕਿਰਾਏ ਵਿੱਚ ਹੋਏ ਬੇਤਹਾਸ਼ਾ ਵਾਧੇ ਨੂੰ ਕੰਟਰੋਲ ਕਰਨ ਲਈ ਤੁਰੰਤ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।
ਮਾਪਿਆਂ ਦਾ ਦਰਦ ਬਿਆਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮਾਪੇ ਪਹਿਲਾਂ ਹੀ ਆਰਥਕ ਤੰਗੀ ਕੱਟ ਕੇ ਬੜੀ ਮੁਸ਼ਕਿਲ ਨਾਲ ਆਪਣੇ ਜਿ਼ਗਰ ਦੇ ਟੁਕੜੇ ਨੂੰ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਵਿਦੇਸ਼ ਭੇਜਦੇ ਹਨ ਅਜਿਹੇ ਵਿੱਚ ਏਅਰਲਾਈਨ ਕੰਪਨੀਆਂ ਵੱਲੋਂ ਪੰਜ ਗੁਣਾ ਹਵਾਈ ਕਿਰਾਇਆ ਵਸੂਲ ਕੇ ਉਨ੍ਹਾਂ ਤੇ ਦੋਹਰੀ ਮਾਰ ਮਾਰੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਮਾਂ-ਪਿਉ ਨੇ ਉਨ੍ਹਾਂ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਮੈਕਸੀਕੋ ਤੋਂ ਹੁੰਦੇ ਹੋਏ ਕੈਨੇਡਾ ਗਈ ਹੈ। ਇਸ ਯਾਤਰਾ ਲਈ ਉਨ੍ਹੇ ਦੇ ਕਰੀਬ ਤਿੰਨ ਲੱਖ ਰੁਪਏ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ ਇਕ ਹੋਰ ਵਿਦਿਆਰਥੀ ਦਿੱਲੀ ਤੋਂ ਫਰੈਂਕਫਰਟ ਹੁੰਦੇ ਹੋਏ ਟੋਰਾਂਟੋ ਗਿਆ। ਉਸ ਨੇ 28 ਘੰਟਿਆਂ ਤੱਕ ਟਰਮੀਨਲ
ਤੇ ਉਡੀਕ ਕੀਤੀ ਅਤੇ ਫਿਰ ਮਾਂਟਰੀਅਲ ਲਈ ਉਡਾਣ ਭਰੀ ਅਤੇ ਉਥੋਂ ਟੋਰਾਂਟੋ ਲਈ ਇੱਕ ਟਰੇਨ ਵਿੱਚ ਸਵਾਰ ਹੋਇਆ। ਪਰਮਿੰਦਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆ ਰਹੀਆਂ ਅਜਿਹੀ ਮੁਸ਼ਕਲਾਤਾਂ ਪ੍ਰਤੀ ਧਿਆਨ ਦੇਣ ਅਤੇ ਹਵਾਈ ਕਿਰਾਏ ਕੰਟਰੋਲ ਵਿੱਚ ਕਰਨ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।