ਨਵੀਂ ਦਿੱਲੀ, ਦਿੱਲੀ ਦੇ ਲਗਭਗ 40 ਸਕੂਲਾਂ ਨੂੰ ਸੋਮਵਾਰ ਸਵੇਰੇ ਬੰਬ ਦੀ ਧਮਕੀ ਵਾਲੀ ਮੇਲ ਮਿਲੀ, ਜਿਸ ਵਿੱਚ ਭੇਜਣ ਵਾਲੇ ਨੇ 30,000 ਡਾਲਰ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਕੀ ਡੀਪੀਐਸ ਆਰਕੇ ਪੁਰਮ ਸਮੇਤ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਨੂੰ ਚਿੰਨ੍ਹਿਤ ਇੱਕ ਈ-ਮੇਲ ਵਿੱਚ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਧਮਕੀ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਸਕੂਲਾਂ ਨੇ ਆਪਣੀਆਂ ਕਲਾਸਾਂ ਮੁਅੱਤਲ ਕਰ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਡੀਪੀਐਸ ਆਰਕੇ ਪੁਰਮ (ਸਵੇਰੇ 7.06) ਅਤੇ ਜੀਡੀ ਗੋਇਨਕਾ ਪੱਛਮ ਵਿਹਾਰ (6.15 ਵਜੇ) ਤੋਂ ਬੰਬ ਦੀ ਧਮਕੀ ਬਾਰੇ ਪਹਿਲੀ ਚੇਤਾਵਨੀ ਮਿਲੀ ਸੀ।
ਉਨ੍ਹਾਂ ਕਿਹਾ ਕਿ ਬੰਬ ਖੋਜਣ ਵਾਲੀਆਂ ਟੀਮਾਂ, ਫਾਇਰ ਅਧਿਕਾਰੀਆਂ, ਸਥਾਨਕ ਪੁਲੀਸ ਨੇ ਤੁਰੰਤ ਸਕੂਲਾਂ ਦੀ ਤਲਾਸ਼ੀ ਸ਼ੁਰੂ ਕੀਤੀ। ਸਵੇਰੇ 9.30 ਵਜੇ ਦੇ ਕਰੀਬ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਕਾਰਵਾਈ ਜਾਰੀ ਹੈ।
ਸੂਤਰਾਂ ਨੇ ਦੱਸਿਆ ਕਿ ਈ-ਮੇਲ ਐਤਵਾਰ ਰਾਤ 11.38 ਵਜੇ ਸਕੂਲਾਂ ਦੀ ਆਈਡੀ ’ਤੇ ਡਿਲੀਵਰ ਹੋਈ, ਜਦੋਂ ਸਕੂਲ ਬੰਦ ਸਨ। ਈਮੇਲ ਵਿਚ ਲਿਖਿਆ ਸੀ ਕਿ “ਮੈਂ ਇਮਾਰਤ ਦੇ ਅੰਦਰ ਕਈ ਬੰਬ ਲਗਾਏ ਹਨ। ਬੰਬ ਛੋਟੇ ਅਤੇ ਬਹੁਤ ਚੰਗੀ ਤਰ੍ਹਾਂ ਲੁਕੇ ਹੋਏ ਹਨ। ਇਸ ਨਾਲ ਇਮਾਰਤ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ, ਪਰ ਜਦੋਂ ਬੰਬ ਵਿਸਫੋਟ ਹੋਵੇਗਾ ਤਾਂ ਬਹੁਤ ਸਾਰੇ ਲੋਕ ਜ਼ਖਮੀ ਹੋਣਗੇ’’। ਈਮੇਲ ਵਿਚ ਇਹ ਵੀ ਕਿਹਾ ਗਿਆ ਕਿ “ਜੇਕਰ ਮੈਨੂੰ 30,000 ਡਾਲਰ ਨਾ ਮਿਲੇ, ਤੁਸੀਂ ਸਾਰੇ ਦੁੱਖ ਝੱਲਣ ਅਤੇ ਅੰਗ ਗੁਆਉਣ ਦੇ ਹੱਕਦਾਰ ਹੋ।
ਆਪਣੀ ਧੀ ਨੂੰ ਸਕੂਲ ਤੋਂ ਵਾਪਸ ਲੈ ਕੇ ਜਾ ਰਹੇ ਮਾਪਿਆਂ ਵਿੱਚੋਂ ਇੱਕ ਹਰੀਸ਼ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ, ‘‘ਮੈਨੂੰ ਸਕੂਲ ਤੋਂ ਐਮਰਜੈਂਸੀ ਬਾਰੇ ਇੱਕ ਸੁਨੇਹਾ ਮਿਲਿਆ ਹੈ। ਇਹ ਸਰਕਾਰ ਦੀ ਨਾਕਾਮੀ ਹੈ ਕਿਉਂਕਿ ਸਕੂਲਾਂ ਨੂੰ ਲਗਾਤਾਰ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ।’’ ਜ਼ਿਕਰਯੋਗ ਹੈ ਕਿ ਮਈ ਵਿੱਚ ਸ਼ਹਿਰ ਦੇ 200 ਤੋਂ ਵੱਧ ਸਕੂਲਾਂ, ਹਸਪਤਾਲਾਂ ਅਤੇ ਹੋਰ ਮਹੱਤਵਪੂਰਨ ਸਰਕਾਰੀ ਅਦਾਰਿਆਂ ਨੂੰ ਇਸੇ ਤਰ੍ਹਾਂ ਦੀ ਬੰਬ ਦੀ ਧਮਕੀ ਮਿਲੀ ਸੀ ਪਰ ਮਾਮਲਾ ਅਜੇ ਹੱਲ ਨਹੀਂ ਹੋਇਆ ਹੈ ਕਿਉਂਕਿ ਮੇਲ ਵਰਚੁਅਲ ਪ੍ਰਾਈਵੇਟ ਨੈੱਟਵਰਕ (ਵੀਪੀਐਨ) ਦੀ ਵਰਤੋਂ ਕਰਕੇ ਭੇਜੀ ਗਈ ਸੀ।