ਸਿੱਧੂ ਦੀ ਸਭਾ ‘ਚ ਵਿਧਾਇਕ ਜਗਦੇਵ ਕਮਾਲੂ ਨੂੰ ਨਹੀਂ ਮਿਲੀ ਬੈਠਣ ਦੀ ਜਗ੍ਹਾ, ਭਖਿਆ ਵਿਵਾਦ

jagdev singh/nawanpunjab.com

ਚੰਡੀਗੜ੍ਹ, 16 ਸਤੰਬਰ (ਦਲਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਭਾ ਵਿਚ ਵਿਧਾਇਕ ਜਗਦੇਵ ਸਿੰਘ ਕਮਾਲੂ ਨੂੰ ਬੈਠਣ ਦੀ ਜਗ੍ਹਾ ਤੱਕ ਨਹੀਂ ਦਿੱਤੀ ਗਈ। ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਦਾ ਪੱਲਾ ਫੜ੍ਹਨ ਵਾਲੇ ਕਮਾਲੂ ਕਰੀਬ ਡੇਢ ਮਿੰਟ ਵਿਚ ਹੀ ਸਭਾ ਛੱਡ ਕੇ ਵਾਪਸ ਪਰਤ ਗਏ। ਇਸ ਮਸਲੇ ਨੂੰ ਲੈ ਕੇ ਸਿਆਸਤ ਦਾ ਬਾਜ਼ਾਰ ਗਰਮ ਹੋ ਗਿਆ ਹੈ। ਖੇਤੀਬਾੜੀ ਕਨੂੰਨ ਦੇ ਮਸਲੇ ’ਤੇ ਗੱਲਬਾਤ ਲਈ ਬੁੱਧਵਾਰ ਨੂੰ ਸਿੱਧੂ ਵੱਲੋਂ ਬੁਲਾਈ ਸਭਾ ਵਿਚ ਜਗਦੇਵ ਕਮਾਲੂ ਪੁੱਜੇ ਅਤੇ ਕੁੱਝ ਦੇਰ ਖੜ੍ਹੇ ਰਹੇ ਪਰ ਹੱਦ ਉਦੋਂ ਹੋਈ, ਜਦੋਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਖਾਲੀ ਕੁਰਸੀ ’ਤੇ ਕਮਾਲੂ ਨੂੰ ਬੈਠਣ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਜਦੋਂ ਕਮਾਲੂ ਸਭਾ ਵਿਚ ਪੁੱਜੇ ਤਾਂ ਖੜ੍ਹੇ ਹੋ ਕੇ ਕੁਰਸੀ ਦਾ ਇੰਤਜ਼ਾਰ ਕਰਨ ਲੱਗੇ। ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਅਚਾਨਕ ਅਗਲੀ ਕੁਰਸੀ ’ਤੇ ਬੈਠ ਕੇ ਆਪਣੀ ਕੁਰਸੀ ਖਾਲੀ ਕੀਤੀ ਪਰ ਜਿਵੇਂ ਹੀ ਕਮਾਲੂ ਕੁਰਸੀ ’ਤੇ ਬੈਠਣ ਲੱਗੇ ਤਾਂ ਉਨ੍ਹਾਂ ਨੇ ਹੱਥ ਦੇ ਇਸ਼ਾਰੇ ਨਾਲ ਕਮਾਲੂ ਨੂੰ ਕੁਰਸੀ ’ਤੇ ਬੈਠਣ ਤੋਂ ਮਨ੍ਹਾ ਕਰ ਦਿੱਤਾ।

ਨਤੀਜਾ, ਕਮਾਲੂ ਡੇਢ ਮਿੰਟ ਦੇ ਅੰਤਰਾਲ ਵਿਚ ਹੀ ਸਭਾ ਤੋਂ ਬੈਰੰਗ ਪਰਤ ਗਏ। ਉੱਧਰ, ਇਸ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਸਿਆਸਤ ਭਖ ਗਈ ਹੈ। ਕਮਾਲੂ ਨੂੰ ਕੁਰਸੀ ’ਤੇ ਬੈਠਣ ਤੋਂ ਮਨ੍ਹਾ ਕੀਤੇ ਜਾਣ ਨੂੰ ਲੈ ਕੇ ਕੁਝ ਕਾਂਗਰਸੀ ਵਿਧਾਇਕਾਂ ਨੇ ਸਖ਼ਤ ਇਤਰਾਜ ਜਤਾਇਆ ਹੈ। ਇਨ੍ਹਾਂ ਕਾਂਗਰਸੀ ਵਿਧਾਇਕਾਂ ਦਾ ਕਹਿਣਾ ਹੈ ਕਿ ਇਹ ਕਾਂਗਰਸ ਨਾਲ ਜੁੜਨ ਵਾਲੇ ਵਿਧਾਇਕਾਂ ਦਾ ਅਪਮਾਨ ਹੈ। ਸ਼ਾਇਦ ਇਹ ਇਸ ਲਈ ਵੀ ਕੀਤਾ ਗਿਆ ਹੈ ਕਿਉਂਕਿ ਜਗਦੇਵ ਸਿੰਘ ਕਮਾਲੂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਖਾਲਸਾ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਕੈਪਟਨ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਕੈਪਟਨ ਦੀ ਅਗਵਾਈ ਹੋਣ ਕਾਰਣ ਹੀ ਸਿੱਧੂ ਦੇ ਕਰੀਬੀ ਕੁਲਜੀਤ ਨਾਗਰਾ ਨੇ ਕਮਾਲੂ ਨੂੰ ਕੁਰਸੀ ’ਤੇ ਬੈਠਣ ਨਹੀਂ ਦਿੱਤਾ ਹੈ।

Leave a Reply

Your email address will not be published. Required fields are marked *