Balbir Singh Rajewal arrested : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਗ੍ਰਿਫ਼ਤਾਰ

ਸਮਰਾਲਾ – ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਤੇ ਡਾਈਂਗ ਇੰਡਸਟਰੀ ਵਿਚਾਲੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਪੁਲਸ ਵੱਲੋਂ ਧਰਨਾ ਦੇਣ ਪਹੁੰਚੀਆਂ ਜਥੇਬੰਦੀਆਂ ਦੇ ਕਈ ਆਗੂਆਂ ਨੂੰ ਰਾਹ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ, ਲੁਧਿਆਣਾ ‘ਚ ਦਾਖਲ ਹੁੰਦੇ ਹੋਏ ਪੁਲਸ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਰਾਜੇਵਾਲ ਨੂੰ ਪੁਲਸ ਇਕ ਪ੍ਰਾਈਵੇਟ ਗੱਡੀ ਰਾਹੀਂ ਅਣਪਛਾਤੀ ਥਾਂ ‘ਤੇ ਲੈ ਗਈ ਹੈ ਅਤੇ ਉਨ੍ਹਾਂ ਨਾਲ ਫੋਨ ਤੇ ਵੀ ਸੰਪਰਕ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਅੱਜ ਲੁਧਿਆਣਾ ਦੇ ਕਈ ਇਲਾਕੇ ਪੁਲਸ ਛਾਉਣੀ ‘ਚ ਤਬਦੀਲ ਹੋ ਗਏ ਹਨ। ਕਾਲੇ ਪਾਣੀ ਦਾ ਮੋਰਚਾ ਟੀਮ ਵੱਲੋਂ ਅੱਜ ਤਾਜਪੁਰ ਰੋਡ ਸਥਿਤ CETP ਦਾ ਡਿਸਚਾਰਜ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

ਇਸ ਦੇ ਜਵਾਬ ਵਿਚ ਡਾਈਂਗ ਇੰਡਸਟਰੀ ਵੱਲੋਂ ਉਸ ਪੁਆਇੰਟ ‘ਤੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੂੰ ਇਕੱਠਾ ਕਰ ਲਿਆ ਗਿਆ ਹੈ। ਇਸ ਕਾਰਨ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਪੁਲਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਫਿਰੋਜ਼ਪੁਰ ਰੋਡ ਤੋਂ ਲੈ ਕੇ ਸਾਰੇ ਪੁਆਇੰਟਾਂ ‘ਤੇ ਵੱਡੀ ਗਿਣਤੀ ਵਿਚ ਫ਼ੋਰਸ ਲਗਾਈ ਗਈ ਹੈ।

Leave a Reply

Your email address will not be published. Required fields are marked *