ਲੁਧਿਆਣਾ : ਕਾਲੇ ਪਾਣੀ ਦੇ ਮੋਰਚੇ ਦੇ ਆਗੂ ਤੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਪੁਲਿਸ ਨੇ ਲੁਧਿਆਣਾ ਨੇੜਿਓਂ ਕਿਸੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਲੱਖਾ ਸਿਧਾਣਾ ਜਦੋਂ ਮੋਰਚਾ ਵਿੱਚ ਸ਼ਾਮਿਲ ਹੋਣ ਲਈ ਲੁਧਿਆਣੇ ਵੱਲ ਨੂੰ ਆ ਰਹੇ ਸਨ ਤਾਂ ਪੁਲਿਸ ਦੀਆਂ ਗੱਡੀਆਂ ਨੇ ਉਨ੍ਹਾਂ ਨੂੰ ਲੁਧਿਆਣਾ ਨੇੜੇ ਕਿਸੇ ਪਿੰਡ ਵਿਚ ਘੇਰਾ ਪਾ ਲਿਆ। ਉਸ ਸਮੇਂ ਲੱਖਾ ਸਿਧਾਣਾ ਫੇਸਬੁੱਕ ‘ਤੇ ਲਾਈਵ ਸਨ ਤੇ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਲੱਖਾ ਸਿਧਾਣਾ ਦੀ ਗੱਡੀ ਦੀ ਭੰਨਤੋੜ ਕੀਤੀ। ਕਾਫੀ ਖਿੱਚ-ਧੂਹ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ।
ਦੂਸਰੇ ਪਾਸੇ ਲੁਧਿਆਣਾ ਦੀ ਫਿਰੋਜ਼ਪੁਰ ਰੋਡ ਨੂੰ ਬੰਦ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਜਿੱਥੇ ਭਾਰੀ ਫੋਰਸ ਤਾਇਨਾਤ ਕਰ ਕੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ,ਉੱਥੇ ਹੀ ਪਾਣੀ ਦੀਆਂ ਬੁਛਾਰਾਂ ਮਾਰਨ ਲਈ ਦੋ ਗੱਡੀਆਂ ਵੀ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਕਾਲੇ ਪਾਣੀ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਕਈ ਵਾਹਨ ਵੀ ਖੜ੍ਹੇ ਕੀਤੇ ਹੋਏ ਹਨ।