ਗੁਰਦਾਸਪੁਰ: ਇੱਕ ਦਿਨ ’ਚ 250 ਪੁਲੀਸ ਮੁਲਾਜ਼ਮਾਂ ਦੇ ਤਬਾਦਲੇ

ਜ਼ਿਲ੍ਹਾ ਗੁਰਦਾਸਪੁਰ ਦੇ ਪੁਲੀਸ ਮੁਖੀ ਆਦਿੱਤਿਆ ਨੇ ਕਈ ਵਰ੍ਹਿਆਂ ਤੋਂ ਇੱਕੋ ਥਾਂ ’ਤੇ ਤਾਇਨਾਤ 250 ਪੁਲੀਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਅਜਿਹਾ ਘਟਨਾਕ੍ਰਮ ਪਹਿਲਾਂ ਕਦੇ ਨਹੀਂ ਹੋਇਆ ਕਿ ਇੱਕੋ ਸਮੇਂ ’ਚ ਇੰਨੇ ਜ਼ਿਆਦਾ ਅਧਿਕਾਰੀਆਂ ਦੀਆਂ ਬਦਲੀਆਂ ਹੋ ਗਈਆਂ ਹੋਣ। ਇਨ੍ਹਾਂ ’ਚੋਂ ਜ਼ਿਆਦਾਤਰ ਪੁਲੀਸ ਮੁਲਾਜ਼ਮਾਂ ਨੂੰ 12 ਪੁਲੀਸ ਸਟੇਸ਼ਨਾਂ ’ਚ ਭੇਜਿਆ ਗਿਆ ਹੈ ਤਾਂ ਕਿ ਉੱਥੇ ਤਾਇਨਾਤ ਪੁਲੀਸ ਫੋਰਸ ਨੂੰ ਮਜ਼ਬੂਤ ਕੀਤਾ ਜਾ ਸਕੇ ਜਦਕਿ ਬਾਕੀਆਂ ਨੂੰ ਪੁਲੀਸ ਲਾਈਨਜ਼ ’ਚ ਭੇਜਿਆ ਗਿਆ ਹੈ।

ਜਾਣਕਾਰੀ ਮੁਤਾਬਕ ਤਿੰਨ ਐੱਸਐੱਚਓਜ਼ ਦੀ ਵੀ ਬਦਲੀ ਕੀਤੀ ਗਈ ਹੈ। ਇਨ੍ਹਾਂ ’ਚ ਗੁਰਮੀਤ ਸਿੰਘ (ਗੁਰਦਾਸਪੁਰ ਸ਼ਹਿਰ), ਓਂਕਾਰ ਸਿੰਘ (ਬਹਿਰਾਮਪੁਰ) ਤੇ ਮੋਹਨ ਲਾਲ (ਪੁਰਾਣਾਸ਼ਾਲਾ) ਸ਼ਾਮਲ ਹਨ। ਜੌੜਾ ਛੱਤਰਾਂ ਪੁਲੀਸ ਪੋਸਟ ਦੇ ਇੰਚਾਰਜ ਨੂੰ ਹਟਾ ਦਿੱਤਾ ਗਿਆ ਹੈ। ਸਰਕਾਰੀ ਤੌਰ ’ਤੇ ਆਖਿਆ ਗਿਆ ਹੈ ਕਿ ਇਹ ਐੱਸਐੋੱਚਓਜ਼ ਅਪਰਾਧਿਕ ਕੇਸਾਂ ਦਾ ਹੱਲ ਕਰਨ ਤੇ ਅਪਰਾਧ ਰੋਕਣ ’ਚ ਅਸਫ਼ਲ ਰਹੇ ਹਨ ਜਦਕਿ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਰਾਜਸੀ ਆਗੂਆਂ ਨਾਲ ਨੇੜਤਾ ਇਨ੍ਹਾਂ ਦੇ ਕੰਮ ’ਚ ਰੁਕਾਵਟ ਬਣ ਰਹੀ ਸੀ। ਸੂਤਰਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਸੂਚੀਆਂ ਬਣ ਰਹੀਆਂ ਸਨ ਤੇ ਸਾਰੀ ਪ੍ਰਕਿਰਿਆ ਨੂੰ ਗੁਪਤ ਰੱਖਿਆ ਗਿਆ ਸੀ।

ਇਸ ਦੌਰਾਨ ਐੱਸਪੀ ਰੈਂਕ ਦੇ ਅਧਿਕਾਰੀ ਨੇ ਕਿਹਾ, ‘ਕਈ ਅਜਿਹੇ ਪੁਲੀਸ ਮੁਲਾਜ਼ਮ ਸਨ ਜੋ ਲੰਮੇ ਸਮੇਂ ਤੋਂ ਇੱਕੋ ਥਾਂ ’ਤੇ ਤਾਇਨਾਤ ਸਨ ਤੇ ਕਿਸੇ ਵੀ ਪੁਲੀਸ ਮੁਖੀ ਨੇ ਇਨ੍ਹਾਂ ਦਾ ਤਬਾਦਲਾ ਕਰਨ ਦਾ ਜੇਰਾ ਨਹੀਂ ਸੀ ਕੀਤਾ। ਇਹ ਤਬਾਦਲੇ ਕਈਆਂ ਲਈ ਵੱਡਾ ਝਟਕਾ ਹਨ, ਪਰ ਇਹ ਸਮੇਂ ਦੀ ਲੋੜ ਸੀ। ਹੈਰੋਇਨ ਤੇ ਹੋਰ ਨਸ਼ਿਆਂ ਖ਼ਿਲਾਫ਼ ਸਾਡੀ ਜੰਗ ਹੁਣ ਇੱਕ ਹੋਰ ਪੱਧਰ ’ਤੇ ਲਿਜਾਈ ਜਾਵੇਗੀ।’

ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਡਰੋਨਾਂ ਤੇ ਨਸ਼ਿਆਂ ਖਿਲਾਫ਼ ਲੜਾਈ ਓਨੀ ਸ਼ਿੱਦਤ ਨਾਲ ਨਹੀਂ ਸੀ ਲੜੀ ਜਾ ਰਹੀ, ਜਿੰਨੀ ਕਿ ਚਾਹੀਦੀ ਸੀ। ਦੋਰਾਂਗਲਾ, ਬਹਿਰਾਮਪੁਰ ਤੇ ਕਲਾਨੌਰ ਅਜਿਹੇ ਤਿੰਨ ਇਲਾਕੇ ਹਨ ਜਿੱਥੇ ਪਾਕਿਸਤਾਨ ਤੇ ਬਾਹਰੀ ਵਿਅਕਤੀਆਂ ਵੱਲੋਂ ਅਫ਼ਗਾਨਿਸਤਾਨ ’ਚ ਬਣੀ ਹੈਰੋਇਨ ਭੇਜੀ ਜਾਂਦੀ ਹੈ। ਇਨ੍ਹਾਂ ਪੁਲੀਸ ਸਟੇਸ਼ਨਾਂ ’ਚ ਤਾਇਨਾਤ ਜ਼ਿਆਦਾਤਰ ਸਟਾਫ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਫੋਰਸ ਨੂੰ ਨਵੀਂ ਦਿੱਖ ਦਿੱਤੀ ਗਈ ਹੈ।

Leave a Reply

Your email address will not be published. Required fields are marked *