ਟੈਨਿਸ ਕੋਰਟ ’ਤੇ ਆਪਣੀ ਬੇਮਿਸਾਲ ਦ੍ਰਿੜਤਾ ਲਈ ਜਾਣੇ ਜਾਂਦੇ ਰਾਫੇਲ ਨਡਾਲ ਦੇ ਪਿਛਲੇ ਦਿਨੀਂ ਡੇਵਿਸ ਕੱਪ ਤੋਂ ਬਾਅਦ ਟੈਨਿਸ ਕੋਰਟ ਤੋਂ ਸੰਨਿਆਸ ਲੈਣ ਦੇ ਐਲਾਨ ਨਾਲ ਟੈਨਿਸ ਪ੍ਰੇਮੀਆਂ ਦੇ ਮਨ ਮਾਯੂਸ ਹਨ। ਰਾਫੇਲ ਨਡਾਲ ਦੀ ਸ਼ੈਲੀ ਦਾ ਵਰਣਨ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੋਵੇਗਾ ਕਿ ਉਸ ਨੇ ਲੰਬੀਆਂ ਰੈਲੀਆਂ ਵਿਚ ਦਬਦਬਾ ਬਣਾਇਆ, ਆਪਣੇ ਵਿਰੋਧੀਆਂ ਦੇ ਥੱਕ ਜਾਣ ਅਤੇ ਗ਼ਲਤੀ ਕਰਨ ਦੀ ਉਡੀਕ ਕੀਤੀ, ਨਡਾਲ ਆਪਣੇ ਸ਼ਕਤੀਸ਼ਾਲੀ ਫੋਰਹੈਂਡ ਲਈ ਵੀ ਜਾਣਿਆ ਜਾਂਦਾ ਰਹੇਗਾ।
ਆਪਣੇ 20 ਸਾਲਾਂ ਤੋਂ ਵੱਧ ਚੱਲੇ ਕਰੀਅਰ ਦੇ ਦੌਰਾਨ ਇਸ ਸਪੈਨਿਸ਼ ਸਨਸਨੀ ਰਾਫੇਲ ਨਡਾਲ ਨੇ ਕਈ ਰਿਕਾਰਡ ਬਣਾਏ ਅਤੇ ਤੋੜੇ। ਨਡਾਲ, ਜਿਸਨੂੰ ਵਿਆਪਕ ਤੌਰ ’ਤੇ ‘ਮਿੱਟੀ ਦੇ ਬਾਦਸ਼ਾਹ’ ਵਜੋਂ ਜਾਣਿਆ ਜਾਂਦਾ ਹੈ, ਨੇ ਆਪਣੀ ਸ਼ਾਨਦਾਰ ਸਫਲਤਾ ਨਾਲ ਦੁਨੀਆ ਵਿਚ ਵਾਹ-ਵਾਹ ਖੱਟੀ। ਫ੍ਰੈਂਚ ਓਪਨ ਵਿਚ 2005 ਵਿਚ ਆਪਣਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਤੋਂ ਬਾਅਦ, ਸਪੈਨਿਸ਼ ਸਟਾਰ ਨੇ 21 ਹੋਰ ਗ੍ਰੈਂਡ ਸਲੈਮ ਆਪਣੇ ਨਾਮ ਕੀਤੇ। ਉਸ ਤੋਂ ਉਪਰ ਸਿਰਫ਼ ਨੋਵਾਕ ਜੋਕੋਵਿਚ ਹੈ ਜਿਸ ਦੇ ਨਾਮ 24 ਗ੍ਰੈਂਡ ਸਲੈਮ ਹਨ। ਟੈਨਿਸ ਤੋਂ ਸੰਨਿਆਸ ਲੈਣ ਦੇ ਬਾਵਜੂਦ, ਨਡਾਲ ਦੇ ਕੁਝ ਰਿਕਾਰਡ ਲੰਬੇ ਸਮੇਂ ਤੱਕ ਅਟੁੱਟ ਰਹਿ ਸਕਦੇ ਹਨ। 38 ਸਾਲਾ, ਇਹ ਸਪੇਨੀ ਖਿਡਾਰੀ 19 ਨਵੰਬਰ ਤੋਂ ਮਾਲਾਗਾ ਵਿਖੇ ਸ਼ੁਰੂ ਹੋਣ ਵਾਲੇ ਡੇਵਿਸ ਕੱਪ ਫਾਈਨਲਜ਼ ਦੌਰਾਨ ਆਖ਼ਰੀ ਵਾਰ ਘਰੇਲੂ ਦਰਸ਼ਕਾਂ ਸਾਹਮਣੇ ਸਪੇਨ ਦੀ ਨੁਮਾਇੰਦਗੀ ਕਰਦਾ ਨਜ਼ਰ ਆਵੇਗਾ।