ਭਾਕਿਯੂ ਵੱਲੋਂ ਜ਼ਿਮਨੀ ਚੋਣਾਂ ‘ਚ BJP ਤੇ AAP ਪੱਕੇ ਮੋਰਚੇ ਸ਼ੁਰੂ ਕਰਨ ਦਾ ਐਲਾਨ

ਐੱਸਏਐੱਸ ਨਗਰ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਿਆਸੀ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ/ਦਫ਼ਤਰਾਂ ਅੱਗੇ 26 ਮੋਰਚੇ ਖ਼ਤਮ ਕਰਕੇ ਗਿੱਦੜਬਾਹਾ ਤੇ ਬਰਨਾਲਾ ਹਲਕੇ ਦੀਆਂ ਜ਼ਿਮਨੀ ਚੋਣਾਂ ਵਿਚ ਉਮੀਦਵਾਰ ਕ੍ਰਮਵਾਰ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਤੇ ਕੇਵਲ ਸਿੰਘ ਢਿੱਲੋਂ ਅਤੇ ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਹਰਵਿੰਦਰ ਸਿੰਘ ਧਾਲੀਵਾਲ ਦੇ ਘਰਾਂ ਦਫ਼ਤਰਾਂ ਅੱਗੇ 4 ਪੱਕੇ ਮੋਰਚੇ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਹ ਫ਼ੈਸਲਾ ਕੱਲ੍ਹ ਜਥੇਬੰਦੀ ਦੀ ਸੂਬਾ ਕਮੇਟੀ ਮੀਟਿੰਗ ਵਿਚ ਕੀਤਾ ਗਿਆ ਸੀ ਜਿਸ ਮੁਤਾਬਿਕ 26 ਟੋਲ ਮੁਕਤ ਮੋਰਚੇ ਤਾਂ ਬਾ-ਦਸਤੂਰ ਜਾਰੀ ਰੱਖੇ ਜਾਣਗੇ। ਕਿਉਂਕਿ ਪੁਆੜਿਆਂ ਦੀ ਜੜ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੀ ਨੀਤੀ ਹੀ ਹੈ। ਇਸ ਦੇ ਨਾਲ ਹੀ ਹੁਣ ਤੱਕ ਚੱਲੇ 18-ਰੋਜ਼ਾ ਮੋਰਚਿਆਂ ਦੇ ਜਨਤਕ ਦਬਾਅ ਥੱਲੇ ਮੰਡੀਆਂ ਵਿਚ ਸ਼ੁਰੂ ਕੀਤੀ ਗਈ ਝੋਨੇ ਦੀ ਖ਼ਰੀਦ ਸਮੇਂ ਆੜ੍ਹਤੀਆਂ ਸ਼ੈਲਰ ਮਾਲਕਾਂ ਅਤੇ ਖ਼ਰੀਦ ਅਧਿਕਾਰੀਆਂ ਦੀ ਮਿਲੀਭੁਗਤ ਰਾਹੀਂ ਪਾਏ ਜਾ ਰਹੇ ਬੇਲੋੜੇ ਅੜਿੱਕੇ ਅਤੇ ਪ੍ਰਤੀ ਕੁਇੰਟਲ 100 ਤੋਂ 200 ਰੁਪਏ ਕੀਤੀ ਜਾ ਰਹੀ ਕਟੌਤੀ ਵਿਰੁੱਧ ਇਸ ਤਿੱਕੜੀ ਵਿਰੁੱਧ ਘਿਰਾਓ ਜਿਹੇ ਸਖ਼ਤ ਜਨਤਕ ਐਕਸ਼ਨ ਕੀਤੇ ਜਾਣਗੇ।

ਇਸ ਤੋਂ ਇਲਾਵਾ ਪਰਾਲ਼ੀ ਦੇ ਅੱਗ-ਰਹਿਤ ਨਿਪਟਾਰੇ ਲਈ ਗਰੀਨ ਟ੍ਰਿਬਿਊਨਲ ਦੀਆਂ ਕਿਸਾਨਾਂ ਪੱਖੀ ਹਦਾਇਤਾਂ ਲਾਗੂ ਨਾ ਕਰਨ ਕਰਕੇ ਮਜਬੂਰੀ ਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਮੁਕੱਦਮੇ, ਜੁਰਮਾਨੇ, ਲਾਲ ਐਂਟਰੀਆਂ ਅਤੇ ਹੋਰ ਦਬਾਅ-ਪਾਊ ਕਦਮ ਵਾਪਸ ਲੈਣ ਤੱਕ ਡਟਵਾਂ ਜਨਤਕ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ 8% ਪ੍ਰਦੂਸ਼ਣ ਲਈ ਜ਼ਿੰਮੇਵਾਰ ਕਿਸਾਨਾਂ ਸਿਰ ਸਾਰਾ ਦੋਸ਼ ਮੜ੍ਹਨਾ ਅਤੇ 51% ਲਈ ਜ਼ਿੰਮੇਵਾਰ ਸਨਅਤੀ ਘਰਾਨਿਆਂ ਨੂੰ ਦੋਸ਼ ਮੁਕਤ ਕਰਨਾ ਸਰਾਸਰ ਬੇਇਨਸਾਫ਼ੀ ਹੈ। ਹੋਰ ਵੀ ਅੱਗੇ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਜ਼ਾਬਤਾ ਕਾਰਵਾਈ ਦੇ ਫ਼ਰਮਾਨ ਪਰ ਚਿੱਟਾ ਵੇਚਣ ਬਾਰੇ ਧਾਰੀ ਚੁੱਪ ਹੋਰ ਵੀ ਵੱਡੀ ਬੇਇਨਸਾਫ਼ੀ ਹੈ।

Leave a Reply

Your email address will not be published. Required fields are marked *