ਚੰਡੀਗੜ੍ਹ, – ਪੰਜਾਬ ’ਚ ਗੈਂਗਸਟਰਵਾਦ ਅਤੇ ਪੰਜਾਬੀ ਕਲਾਕਾਰਾਂ ਵਿਚਾਲੇ ਟਕਰਾਅ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇੱਕ ਵਾਰ ਫਿਰ ਗੈਂਗਸਟਰਾਂ ਨੇ ਪੰਜਾਬੀ ਕਲਾਕਾਰਾਂ ਨੂੰ ਧਮਕੀ ਦਿੱਤੀ ਹੈ। ਅੱਜ ਬੰਬੀਹਾ ਗੈਂਗ ਨਾਲ ਸੰਬੰਧਿਤ ਜੱਸਾ ਗਰੁੱਪ ਨੇ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਧਮਕੀ ਦਿੱਤੀ ਸੀ। ਪੰਜਾਬ ’ਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਲਾਕਾਰਾਂ ਨੂੰ ਗੈਂਗਸਟਰਾਂ ਵਲੋਂ ਧਮਕੀਆਂ ਦਿੱਤੀਆਂ ਗਈਆਂ ਹੋਣ।
ਜੱਸਾ ਗਰੁੱਪ ਨੇ ਫੇਸਬੁੱਕ ’ਤੇ ਇਕ ਪੋਸਟ ਪਾ ਕੇ ਲਿਖਿਆ ਹੈ ਕਿ ਕਰਨ ਔਜਲਾ ਅਤੇ ਸ਼ੈਰੀ ਮਾਨ ਭਾਵੇਂ ਜਿੰਨਾ ਮਰਜ਼ੀ ਸਪਸ਼ਟੀਕਰਨ ਦਿੰਦੇ ਰਹਿਣ, ਲਾਰੈਂਸ ਗੈਂਗ ਨਾਲ ਜਿੰਨਾ ਮਰਜ਼ੀ ਨੱਚੋ, ਪਰ ਉਹ ਤੁਹਾਡਾ ਹਿਸਾਬ ਜ਼ਰੂਰ ਸੈਟਲ ਕਰਨਗੇ। ਕੈਲੀਫੋਰਨੀਆ ’ਚ ਹੋਏ ਸਮਾਗਮ ਦੀ ਵੀਡੀਓ ’ਚ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕਰਨ ਔਜਲਾ ਨਾਲ ਸਟੇਜ ’ਤੇ ਨਜ਼ਰ ਆਇਆ। ਇਸ ਦੌਰਾਨ ਉਹ ਇਕੱਠੇ ਸੈਲਫੀ ਲੈਂਦੇ ਵੀ ਨਜ਼ਰ ਆਏ। ਉਦੋਂ ਤੋਂ ਬੰਬੀਹਾ ਗੈਂਗ ਦੇ ਸਰਗਨਾ ਸਰਗਰਮ ਹੋ ਗਏ ਹਨ। ਜੱਸਾ ਗਰੁੱਪ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਪਰਿਵਾਰ ਦਾ ਫਾਇਦਾ ਉਠਾਇਆ ਹੈ। ਮੀਡੀਆ ਨੇ ਵੀ ਲਾਰੈਂਸ ਨੂੰ ਇੰਟਰਵਿਊ ਦੇ ਕੇ ਮਸ਼ਹੂਰ ਕਰ ਦਿੱਤਾ ਹੈ। ਲਾਰੈਂਸ ਕਦੇ ਸਲਮਾਨ ਖਾਨ ਨੂੰ ਧਮਕੀ ਦਿੰਦਾ ਹੈ ਅਤੇ ਕਦੇ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਦਿੰਦਾ ਹੈ। ਜੱਸਾ ਗਰੁੱਪ ਨੇ ਲਿਖਿਆ ਕਿ ਲਾਰੈਂਸ ਅਜਿਹਾ ਵਿਅਕਤੀ ਹੈ ਜੋ ਦੂਜੇ ਲੋਕਾਂ ’ਤੇ ਨਿਰਭਰ ਕਰਦਾ ਹੈ। ਉਹ ਖੁਦ ਚੂਹੇ ਵਾਂਗ ਮੋਰੀ ਵਿਚ ਲੁਕ ਕੇ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਪੰਜਾਬ ਦੇ ਦੋ ਨਾਮੀ ਕਲਾਕਾਰਾਂ ਵਲੋਂ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਸੋਸ਼ਲ ਮੀਡੀਆ ’ਤੇ ਮਿਲੀ ਧਮਕੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।