ਲੁਧਿਆਣਾ- ਪੰਜਾਬ ‘ਚ ਦਵਾਈਆਂ ਦੇ ਵੱਡੇ ਕਾਰੋਬਾਰੀ ਗੁਰਮੇਲ ਮੈਡੀਕਲ ਦੇ ਟਿਕਾਣਿਆਂ ‘ਤੇ ਬੁੱਧਵਾਰ ਸਵੇਰੇ 6 ਵਜੇ ਆਮਦਨ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਵਿਭਾਗ ਦੀਆਂ ਟੀਮਾਂ ਨੇ ਗੁਰਮੇਲ ਮੈਡੀਕਲ ਦੇ ਦਫ਼ਤਰ ਸਮੇਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੈਰਾਮਿਲਟਰੀ ਫੋਰਸ ਨਾਲ ਦਬਿਸ਼ ਕੀਤੀ। ਆਮਦਨ ਟੈਕਸ ਵਿਭਾਗ ਦੀ ਇਸ ਕਾਰਵਾਈ ਨਾਲ ਪੂਰੇ ਸ਼ਹਿਰ ‘ਚ ਹਲਚਲ ਮਚ ਗਈ।
ਫਿਲਹਾਲ ਇਸ ਮਾਮਲੇ ‘ਚ ਅੱਗੇ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵਿਭਾਗ ਨੇ ਕੁੱਲ 8 ਲੋਕੇਸ਼ਨਾਂ ‘ਤੇ ਇਕੱਠੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਸੁਣਨ ‘ਚ ਆਇਆ ਹੈ ਕਿ ਤਕਰੀਬਨ ਆਮਦਨ ਟੈਕਸ ਵਿਭਾਗ ਦੀਆਂ 16 ਟੀਮਾਂ ਇਸ ਕਾਰਵਾਈ ‘ਚ ਸ਼ਾਮਲ ਹਨ। ਦੱਸਣਯੋਗ ਹੈ ਕਿ ਗੁਰਮੇਲ ਪਰਿਵਾਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਾਫ਼ੀ ਕਰੀਬੀ ਹੈ।
ਵਿਭਾਗ ਦੀ ਇਸ ਛਾਪੇਮਾਰੀ ਨਾਲ ਹੋਰ ਮੈਡੀਕਲ ਕਾਰੋਬਾਰੀਆਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਤੱਕ ਨਹੀਂ ਖੋਲ੍ਹੀਆਂ। ਜਾਣਕਾਰੀ ਮਿਲੀ ਹੈ ਕਿ ਉਕਤ ਦਬਿਸ਼ ਟੈਕਸ ਚੋਰੀ ਨਾਲ ਸਬੰਧਿਤ ਹੋ ਸਕਦੀ ਹੈ। ਇਹ ਵੀ ਦੱਸ ਦੇਈਏ ਕਿ ਗੁਰਮੇਲ ਮੈਡੀਕਲ ਪੰਜਾਬ ਦੀ ਬਹੁਤ ਵੱਡੀ ਏਜੰਸੀ ਹੈ, ਜੋ ਕਿ ਵੱਡੇ ਪੱਧਰ ‘ਤੇ ਪੂਰੇ ਸੂਬੇ ‘ਚ ਦਵਾਈਆਂ ਦਾ ਕਾਰੋਬਾਰ ਕਰਦੀ ਹੈ।