ਫਗਵਾੜਾ : ਸੂਬੇ ਦੇ ਝੋਨੇ ਦੀ ਖ਼ਰੀਦ ਨਾ ਹੋਣ ਅਤੇ ਆੜ੍ਹਤੀਆਂ ਵੱਲੋਂ ਲਾਏ ਜਾ ਰਹੇ ਕੱਟ ਖ਼ਿਲਾਫ਼ ਪੰਜ ਜ਼ਿਲ੍ਹਿਆਂ ਵਿਚ ਦੋ ਦਿਨ ਤੋਂ ਨੈਸ਼ਨਲ ਹਾਈਵੇ ਜਾਮ ਕਰ ਕੇ ਬੈਠੇ ਕਿਸਾਨਾਂ ਨੇ ਹੁਣ ਉੱਥੋਂ ਧਰਨਾ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਨਾਲ ਜੁੜੇ ਪੰਧੇਰ ਧੜੇ ਨੇ ਸੋਮਵਾਰ ਨੂੰ ਫਗਵਾੜਾ ਵਿਚ ਸੂਬੇ ਦੇ ਕੈਬਨਿਟ ਮੰਤਰੀਆਂ ਨਾਲ ਹੋਈ ਲੰਬੀ ਚਰਚਾ ਤੋਂ ਬਾਅਦ ਲਿਆ ਹੈ। ਮੀਟਿੰਗ ਤੋਂ ਬਾਅਦ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਨੈਸ਼ਨਲ ਹਾਈਵੇ ਤੋਂ ਧਰਨਾ ਹਟਾ ਕੇ ਹੁਣ ਸੜਕ ਕੰਢੇ ਧਰਨਾ ਦੇਣਗੇ। ਕਿਸਾਨ ਆਗੂਆਂ ਦੇ ਇਸ ਐਲਾਨ ਤੋਂ ਬਾਅਦ ਕਿਸਾਨਾਂ ਨੇ ਫਗਵਾੜਾ ਤੋਂ ਇਲਾਵਾ ਮੋਗਾ, ਸੰਗਰੂਰ ਤੇ ਬਠਿੰਡਾ ਜ਼ਿਲ੍ਹੇ ਵਿਚ ਨੈਸ਼ਨਲ ਹਾਈਵੇ ਤੋਂ ਦੇਰ ਸ਼ਾਮ ਧਰਨਾ ਹਟਾ ਦਿੱਤਾ ਹੈ।
ਕਿਸਾਨਾਂ ਨਾਲ ਮੀਟਿੰਗ ਕਰਨ ਲਈ ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਐਤਵਾਰ ਨੂੰ ਫਗਵਾੜਾ ਪੁੱਜੇ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ ਅਤੇ ਸਤਨਾਮ ਸਿੰਘ ਸਾਹਨੀ ਨੇ ਮੀਟਿੰਗ ਵਿਚ ਤੈਅਸ਼ੁਦਾ ਨਮੀ ਵਾਲੇ ਝੋਨੇ ’ਤੇ ਆੜ੍ਹਤੀਆਂ ਵੱਲੋਂ ਲਾਏ ਜਾ ਰਹੇ ਕੱਟ ਅਤੇ ਮੰਡੀਆਂ ਤੋਂ ਝੋਨੇ ਦੀ ਲਿਫਟਿੰਗ ਨਾ ਹੋਣ ਦਾ ਮੁੱਦਾ ਚੁੱਕਿਆ। ਇਸ ’ਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਭਰੋਸਾ ਦੁਆਇਆ ਗਿਆ ਕਿ ਛੇਤੀ ਹੀ ਥਾਂ ਦਾ ਇੰਤਜ਼ਾਮ ਕਰ ਕੇ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇਗੀ। ਗੁਰਮੀਤ ਸਿੰਘ ਖੁੱਡੀਆਂ ਤੇ ਲਾਲ ਚੰਦ ਕਟਾਰੂਚੱਕ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਆੜ੍ਹਤੀਆਂ ਨੇ ਤੈਅਸ਼ੁਦਾ ਮਾਪਦੰਡਾਂ ਦੇ ਬਾਵਜੂਦ ਕਿਸਾਨਾਂ ਤੋਂ ਝੋਨੇ ਵਿਚ ਜਬਰੀ ਕੱਟ ਲਾਏ ਹਨ ਉਨ੍ਹਾਂ ਆੜ੍ਹਤੀਆਂ ਤੋਂ ਸਰਕਾਰ ਪੈਸਾ ਵਸੂਲ ਕਰ ਕੇ ਦੇਵੇਗੀ। ਕਿਸਾਨਾਂ ਦੀਆਂ ਦੋਵੇਂ ਮੰਗਾਂ ’ਤੇ ਸਹਿਮਤੀ ਬਣਨ ਦੇ ਨਾਲ ਹੀ ਕਿਸਾਨਾਂ ਨੇ ਧਰਨਾ ਹਟਾਉਣ ਦਾ ਐਲਾਨ ਕਰ ਦਿੱਤਾ। ਸ਼ਾਮ ਹੁੰਦੇ-ਹੁੰਦੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਖਾਲੀ ਕਰ ਕੇ ਸੜਕ ਕੰਢੇ ਧਰਨਾ ਲਗਾ ਦਿੱਤਾ। ਉੱਥੇ, ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਕਿਸਾਨਾਂ ਦਾ ਧਰਨਾ ਪਹਿਲਾਂ ਦੀ ਤਰ੍ਹਾਂ ਜਾਰੀ ਹੈ।