ਚੰਡੀਗੜ੍ਹ, ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣਾਂ ਦਰਮਿਆਨ ਅੱਜ ਖ਼ੁਦ ਹੀ ਆਮ ਆਦਮੀ ਪਾਰਟੀ (ਆਪ) ਦੀ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਾਰਟੀ ਦਾ ਪੂਰੇ ਸਮੇਂ ਲਈ ਪ੍ਰਧਾਨ ਬਣਾਇਆ ਜਾਵੇ। ਭਗਵੰਤ ਮਾਨ ਦੇ ਇਸ ਖ਼ੁਲਾਸੇ ਨਾਲ ‘ਆਪ’ ਦਾ ਨਵਾਂ ਪ੍ਰਧਾਨ ਬਣਾਏ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਾਰਟੀ ਹਾਈ ਕਮਾਨ ਵੱਲੋਂ ਨਵਾਂ ਪ੍ਰਧਾਨ ਲਾਏ ਜਾਣ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਹੈ ਅਤੇ ਇਸ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਸ਼ਨਿਚਰਵਾਰ ਨੂੰ ਦਿੱਲੀ ’ਚ ਕੇਂਦਰੀ ਮੰਤਰੀ ਜੇਪੀ ਨੱਢਾ ਨੂੰ ਮਿਲਣ ਗਏ ਸਨ ਅਤੇ ਅੱਜ ਉਹ ਸਿੱਧੇ ਚੱਬੇਵਾਲ ’ਚ ਚੋਣ ਪ੍ਰਚਾਰ ਲਈ ਪੁੱਜੇ ਜਿੱਥੇ ਉਨ੍ਹਾਂ ਪ੍ਰਧਾਨਗੀ ਛੱਡਣ ਦੀ ਗੱਲ ਆਖੀ। ਇਸ ਮਗਰੋਂ ਮੁੱਖ ਮੰਤਰੀ ਡੇਰਾ ਬਾਬਾ ਨਾਨਕ ਹਲਕੇ ਵਿਚ ਪ੍ਰਚਾਰ ਲਈ ਗਏ। ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਮਗਰੋਂ ਭਗਵੰਤ ਮਾਨ ਮੁੜ ਦਿੱਲੀ ਚਲੇ ਗਏ ਹਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ‘ਆਪ’ ਦੀ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਇੱਛਾ ਪਹਿਲਾਂ ਹੀ ਹਾਈ ਕਮਾਨ ਕੋਲ ਜ਼ਾਹਰ ਕਰ ਚੁੱਕੇ ਹਨ।
Bhagwant Mann ਛੱਡਣਗੇ ‘ਆਪ’ ਦੀ ਪ੍ਰਧਾਨਗੀ
