ਚੰਡੀਗੜ੍ਹ : ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਨਕਲੀ ਮਠਿਆਈਆਂ ਤਿਆਰ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਸਿਹਤ ਮੰਤਰੀ ਨੇ ਆਖਿਆ ਹੈ ਕਿ ਜੇਕਰ ਕੋਈ ਨਕਲੀ ਮਠਿਆਈਆਂ, ਨਕਲੀ ਘਿਓ, ਪਨੀਰ ਜਾਂ ਨਕਲੀ ਖੋਇਆ ਬਣਾਉਂਦਾ ਫੜਿਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਹ ਇਨਸਾਨੀਅਤ ਦੇ ਖ਼ਿਲਾਫ਼ ਹੈ, ਲਿਹਾਜ਼ਾ ਮੁਲਜ਼ਮਾਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਬਕਾਇਦਾ ਸਿਹਤ ਵਿਭਾਗ ਦੀਆਂ ਟੀਮਾਂ ਲਗਾਈਆਂ ਗਈਆਂ ਹਨ। ਜੇਕਰ ਸਾਨੂੰ ਕਿਤੋਂ ਕੋਈ ਸੂਚਨਾ ਮਿਲਦੀ ਹੈ ਤਾਂ ਇਹ ਟੀਮਾਂ ਤੁਰੰਤ ਕਾਰਵਾਈ ਕਰਨਗੀਆਂ। ਇਸ ਤੋਂ ਇਲਾਵਾ ਟੀਮਾਂ ਵਲੋਂ ਵੱਖ-ਵੱਖ ਦੁਕਾਨਾਂ ‘ਤੇ ਪਹੁੰਚ ਕੇ ਅਚਨਚੇਤ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ, ਲਿਹਾਜ਼ਾ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਮਠਿਆਈ ਦੇਣ ਦੀ ਬਜਾਏ ਫਲ ਫਰੂਟ ਦੇਣ। ਖੋਏ, ਪਨੀਰ ਅਤੇ ਦੁੱਧ ਨਾਲ ਬਣੀਆਂ ਮਠਿਆਈਆਂ ਨੂੰ ਜਿਨਾਂ ਹੋ ਸਕੇ ਨਜ਼ਰ-ਅੰਦਾਜ਼ ਕੀਤਾ ਜਾਵੇ। ਇਨ੍ਹਾਂ ਦੀ ਜਗ੍ਹਾ ਵੇਸਣ ਨਾਲ ਬਣੀਆਂ ਮਠਿਆਈਆਂ ਖਾਧੀਆਂ ਜਾਣ। ਜੇਕਰ ਖੋਇਆ, ਪਨੀਰ ਖਾਣਾ ਵੀ ਹੈ ਤਾਂ ਘਰ ਬਣਾ ਕੇ ਖਾਧਾ ਜਾਵੇ। ਥੋੜੀ ਜਿਹੀ ਸਾਵਧਾਨੀ ਵਰਤਣ ਨਾਲ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।