ਬਨੂੜ: ਪਿੰਡ ਸੂਰਜਗੜ੍ਹ ਦੇ ਵਸਨੀਕਾਂ ਵੱਲੋਂ ਪੰਚਾਇਤੀ ਚੋਣਾਂ ਲਈ ਸਰਪੰਚ ਦੇ ਰਾਖਵੇਂਕਰਨ ਦਾ ਵਿਰੋਧ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਦੀ ਚੋਣ ਲੜਨ ਦੇ ਚਾਹਵਾਨਾਂ ਵੱਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਕੀਤੇ ਗਏ ਰਾਖਵੇਂਕਰਨ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਿੰਡ ਦੇ ਵਸਨੀਕ ਗਗਨਦੀਪ ਸਿੰਘ, ਸਤਪਾਲ ਸਿੰਘ, ਨਾਇਬ ਸਿੰਘ, ਹਰਵਿੰਦਰ ਸਿੰਘ ਛੋਟਾ, ਹਰਵਿੰਦਰ ਸਿੰਘ ਵਿੱਕੀ, ਤਲਵਿੰਦਰ ਸਿੰਘ ਪੰਚ, ਸਰਬਜੀਤ ਸਿੰਘ ਸਾਬੀ, ਜਰਨੈਲ ਸਿੰਘ, ਅੰਮ੍ਰਿਤ ਸਿੰਘ ,ਉਦਮ ਸਿੰਘ, ਭਜਨ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਪਿੰਡ ਦੇ ਵਸਨੀਕਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕੀਤੇ ਗਏ ਇਕੱਠ ਵਿੱਚ ਦੱਸਿਆ ਕਿ ਪਿੰਡ ਸੂਰਜਗੜ੍ਹ ਵਿਚ ਪਿਛਲੇ ਟਰਮ ਵਿੱਚ ਵੀ ਸਰਪੰਚ ਦੀ ਚੋਣ ਲਈ ਰਾਖਵਾਂਕਰਨ ਕੀਤਾ ਗਿਆ ਸੀ ਅਤੇ ਇਸ ਵਾਰ ਫਿਰ ਸਰਪੰਚ ਦੀ ਚੋਣ ਲਈ ਰਾਖਵਾਂਕਰਨ ਕੀਤਾ ਗਿਆ ਹੈ ਜਦੋਂ ਕਿ ਪਿੰਡ ਵਿੱਚ ਬਹੁਗਿਣਤੀ ਜਨਰਲ ਵਰਗ ਦੇ ਲੋਕਾਂ ਦੀ ਹੈ, ਇਸ ਲਈ ਜਰਨਲ ਵਰਗ ਲਈ ਰਾਖਵਾਂਕਰਨ ਕੀਤਾ ਜਾਣਾ ਚਾਹੀਦਾ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹਰ ਵਰਗ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਗਲਤ ਰਾਖਵਾਂਕਰਨ ਕਰਨ ਕਰਕੇ ਪਿੰਡ ਵਿੱਚ ਭਾਈਚਾਰਕ ਸਾਂਝ ਵਿੱਚ ਪਾੜ ਪਾਇਆ ਜਾ ਰਿਹਾ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਤੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਪੰਚ ਦੀ ਚੋਣ ਦਾ ਰਾਖਵਾਂਕਰਨ ਐੱਸਸੀ ਤੋਂ ਬਦਲ ਕੇ ਜਨਰਲ ਨਾ ਕੀਤਾ ਤਾਂ ਉਹ ਸੰਘਰਸ਼ ਕਰਨਗੇ ਅਤੇ ਪਿੰਡ ਵਿੱਚ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨਗੇ।
ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਨਾਲ ਲੱਗਣ ਦੀ ਸੂਬਾ ਸਰਕਾਰ ਦੇ ਨੁਮਾਇੰਦੇ ਕਿੜ ਕੱਢ ਰਹੇ ਹਨ। ਜਿਸ ਕਾਰਨ ਹੀ ਪਿੰਡ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਦੁਬਾਰਾ ਸਰਪੰਚ ਜਰਨਲ ਵਰਗ ਦੀ ਥਾਂ ’ਤੇ ਰਾਖਵਾਂ ਕਰਨ ਕਰ ਦਿੱਤਾ ਗਿਆ ਹੈ।