ਫਗਵਾੜਾ: ਫਗਵਾੜਾ ਦੇ ਨਜ਼ਦੀਕੀ ਪਿੰਡ ਖਲਿਆਣ ਵਿਖੇ ਅੱਧੀ ਰਾਤ ਖੇਤਾਂ ਅੰਦਰ ਧਮਾਕਾ ਹੋਣ ਦੀ ਸੂਚਨਾ ਪ੍ਰਾਪਤ ਹੋਈ , ਜਿਸ ਕਾਰਨ ਮੌਕੇ ‘ਤੇ ਖੇਤਾਂ ਵਿੱਚ ਇੱਕ ਡੂੰਘਾ ਟੋਇਆ ਵੀ ਦੇਖਿਆ ਗਿਆ। ਸੂਚਨਾ ਮਿਲਦੇ ਸਾਰ ਐਸ ਐਚ ਓ ਰਾਵਲਪਿੰਡੀ ਮੇਜਰ ਸਿੰਘ ਮੌਕੇ ‘ਤੇ ਪੁੱਜੇ ਅਤੇ ਫਾਇਰ ਸਟੇਸ਼ਨ ਫਗਵਾੜਾ ਦੀ ਟੀਮ ਵੀ ਤੁਰੰਤ ਪ੍ਰਭਾਵ ਨਾਲ ਸੰਵੇਦਨਸ਼ੀਲ ਇਲਾਕੇ ਵਿੱਚ ਪਹੁੰਚ ਗਏ l ਜਿਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀ ਡਾਕਟਰ ਅਕਸ਼ਤਾ ਗੁਪਤਾ ਨੇ ਦੱਸਿਆ ਕਿ ਅੱਧੀ ਕੁ ਰਾਤ ਨੂੰ ਫਗਵਾੜਾ ਦੇ ਨਜ਼ਦੀਕੀ ਪਿੰਡ ਖਲਿਆਣ ਵਿਖੇ ਖੇਤਾਂ ਵਿੱਚ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਮੌਕੇ ‘ਤੇ ਜਾਂਚ ਟੀਮ ਭੇਜੀਆਂ। ਉਹਨਾਂ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਕੋਈ ਜੰਗ ਦੌਰਾਨ ਪਾਕਿਸਤਾਨ ਤੋਂ ਆਇਆ ਕੋਈ ਹਵਾਈ ਯੰਤਰ ਸੀ ਜਾ ਕੇ ਕਿਸੇ ਹੋਰ ਕਾਰਨਾਂ ਕਾਰਨ ਖੇਤਾਂ ਵਿੱਚ ਧਮਾਕਾ ਹੋਇਆ ਹੈ l ਏਡੀਸੀ ਡਾਕਟਰ ਅਕਸ਼ਿਤਾ ਗੁਪਤਾ ਨੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਵਾਇਰਲ ਨਾ ਕਰੋ ਜਦੋਂ ਤੱਕ ਉਹਨਾਂ ਦੀ ਪੁਸ਼ਟੀ ਨਹੀਂ ਹੋ ਜਾਂਦੀ ਅਤੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ। ਜੋ ਲੋਕ ਵੀ ਗਰੁੱਪਾਂ ਵਿੱਚ ਫੋਟੋਆਂ ਖਿੱਚ ਕੇ ਪਾ ਰਹੇ ਹਨ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਜਦੋਂ ਤੱਕ ਪ੍ਰਸ਼ਾਸਨ ਦੇ ਵਿਭਾਗਾਂ ਵੱਲੋਂ ਸਹੀ ਤੇ ਸਟੀਕ ਪੁਸ਼ਟੀ ਨਾ ਕੀਤੀ ਜਾਵੇ। ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀਆਂ ਫੋਟੋਆਂ ਗਰੁੱਪਾਂ ਵਿੱਚ ਵਾਇਰਲ ਨਾ ਕਰੋ। ਉਹਨਾਂ ਨੇ ਕਿਹਾ ਕਿ ਸਬ ਡਿਵੀਜ਼ਨ ਫਗਵਾੜਾ ਵਿਖੇ ਪ੍ਰਸ਼ਾਸਨ 24 ਘੰਟੇ ਤਨਦੇਹੀ ਨਾਲ ਫਗਵਾੜਾ ਵਾਸੀਆਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਅਤੇ ਜੇਕਰ ਕੋਈ ਵੀ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਖਬਰਾਂ ਜਾਂ ਫੋਟੋਆਂ ਪਾ ਕੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਉਸ ‘ਤੇ ਤੁਰੰਤ ਪ੍ਰਭਾਵ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਅਫਵਾਹਾਂ ਤੋਂ ਬਚੋ ਪ੍ਰਸ਼ਾਸਨ ਹਰ ਇੱਕ ਜ਼ਰੂਰੀ ਜਾਣਕਾਰੀ ਨੂੰ ਲੋਕਾਂ ਨਾਲ ਸਾਂਝਾ ਕਰ ਰਿਹਾ ਹੈ। ਫਗਵਾੜਾ ਦੇ ਨਜ਼ਦੀਕੀ ਪਿੰਡ ਖਲਿਆਣ ਵਿਖੇ ਵਾਪਰੀ ਘਟਨਾ ਦੀ ਵੀ ਜਾਂਚ ਚੱਲ ਰਹੀ ਹੈ ਜਿਸ ਸਬੰਧੀ ਜਲਦ ਹੀ ਵੱਖ-ਵੱਖ ਮਾਧਿਅਮ ਰਾਹੀਂ ਫਗਵਾੜਾ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀl ਜ਼ਿਕਰਯੋਗ ਹੈ ਕਿ ਫਗਵਾੜਾ ਵਿਖੇ 9 ਵਜੇ ਦੇ ਕਰੀਬ ਲਗਾਇਆ ਜਾਣ ਵਾਲਾ ਬਲੈਕ ਆਊਟ ਨਹੀਂ ਲਗਾਇਆ ਗਿਆ ਅਤੇ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਜਾਰੀ ਰਹੀ ਪਰ ਜਦੋਂ ਅੱਧੀ ਕੁ ਰਾਤ ਨੂੰ ਘਟਨਾ ਵਾਪਰੀ ਤਾਂ ਤੁਰੰਤ ਪ੍ਰਭਾਵ ਨਾਲ ਪੀਐਸਪੀਸੀਐਲ ਵਿਭਾਗ ਨੇ ਬਲੈਕ ਆਊਟ ਕਰ ਦਿੱਤਾ।