ਮੋਗਾ, ਥਾਣਾ ਧਰਮਕੋਟ ਅਧੀਨ ਪਿੰਡ ਅਮੀਵਾਲਾ ‘ਚ ਬੀਤੀ ਰਾਤ ਕਰੀਬ 1 ਵਜੇ ਝਗੜੇ ਦੌਰਾਨ ਚੱਲੀ ਗੋਲੀ ਕਾਰਨ ਇੱਕ ਕਿਸਾਨ ਆਗੂ ਤੋਂ ਇਲਾਵਾ ਏਐੱਸਆਈ, ਹੌਲਦਾਰ ਤੇ ਹੌਮਗਾਰਡ ਵਲੰਟੀਅਰ ਜਖ਼ਮੀ ਹੋ ਗਏ। ਕਿਸਾਨ ਆਗੂ ਦੀ ਹਾਲਤ ਗੰਭੀਰ ਹੋਣ ਕਾਰਨ ਡੀਐੱਮਸੀ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ, ਜਦਕਿ ਏਐੱਸਆਈ ਸਮੇਤ ਤਿੰਨ ਪੁਲੀਸ ਮੁਲਾਜ਼ਮ ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ਼ ਹਨ।
ਵੇਰਵਿਆਂ ਅਨੁਸਾਰ ਪਿੰਡ ਅਮੀਵਾਲਾ ਵਿਚ ਦੋ ਧਿਰਾਂ ਦਰਮਿਆਨ ਲੜਾਈ ਬਾਰੇ ਸ਼ਿਕਾਇਤ ਮਿਲਣ ‘ਤੇ ਏਐੱਸਆਈ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਜਾਂਚ ਲਈ ਮੌਕੇ ‘ਤੇ ਪਹੁੰਚੀ ਸੀ।
ਇਸ ਦੌਰਾਨ ਲੋਕਾਂ ਨੇ ਪੁਲੀਸ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲੀਸ ਸੂਤਰਾਂ ਅਨੁਸਾਰ ਹਜ਼ੂਮ ਨੇ ਪੁਲੀਸ ਦਾ ਸਰਕਾਰੀ ਰਿਵਾਲਵਰ ਖੋਹ ਕੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਇਕ ਗੋਲੀ ਏਐੱਸਆਈ ਗੁਰਦੀਪ ਸਿੰਘ ਨੂੰ ਲੱਗੀ। ਪਥਾਰਾਅ ਦੌਰਾਨ ਹੌਲਦਾਰ ਰਾਜਿੰਦਰ ਸਿੰਘ ਤੇ ਹੋਮਗਾਰਡ ਵਾਲੰਟੀਅਰ ਗੋਪਾਲ ਸਿੰਘ ਵੀ ਜਖ਼ਮੀ ਹੋ ਗਏ, ਇਨ੍ਹਾਂ ਤੋਂ ਇਲਾਵਾ ਦੋ ਹੋਰ ਪੁਲੀਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਕਿਸਾਨ ਆਗੂ ਮਲਕੀਤ ਸਿੰਘ ਸਬੰਧਤ ਝਗੜਾ ਸੁਲਝਾਉਣ ਲਈ ਮੌਕੇ ‘ਤੇ ਪਹੁੰਚਿਆ ਸੀ, ਗੋਲੀ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੈ।
ਇਸ ਮਾਮਲੇ ਨੂੰ ਲੈ ਕੇ ਹਾਲ ਦੀ ਘੜੀ ਪੁਲੀਸ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ।