ਇੰਫਾਲ, ਮਨੀਪੁਰ ਵਿੱਚ ਇਕ ਦਿਨ ਪਹਿਲਾਂ ਰਾਜਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਹੋਣ ਤੋਂ ਬਾਅਦ ਅੱਜ ਇੱਥੇ ਸਥਿਤੀ ਤਣਾਅਪੂਰਨ ਪਰ ਕੰਟਰੋਲ ਹੇਠ ਰਹੀ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਸੇ ਦੌਰਾਨ ਇਨਰ ਮਨੀਪੁਰ ਦੇ ਸੰਸਦ ਮੈਂਬਰ ਏ ਬਿਮੋਲ ਅਕੋਈਜਾਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮਨੀਪੁਰ ਵਿੱਚ ਹੋ ਰਹੀ ਬੇਮਿਸਾਲ ਹਿੰਸਾ ਦੇ ਸੰਕਟ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਸ਼ਾਂਤੀ ਕਾਇਮ ਕਰਨ ਲਈ ਲੋੜੀਂਦੇ ਕਦਮ ਉਠਾਉਣ ਦੀ ਅਪੀਲ ਕੀਤੀ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਨੀਪੁਰ ਦੀ ਰਾਜਧਾਨੀ ਵਿੱਚ ਮੰਗਲਵਾਰ ਦੁਪਹਿਰ ਨੂੰ ਲਗਾਇਆ ਗਿਆ ਕਰਫਿਊ ਅੱਜ ਸਵੇਰ ਵੀ ਜਾਰੀ ਰਿਹਾ, ਜਦਕਿ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਮੰਦਭਾਗੀ ਘਟਨਾ ਤੋਂ ਬਚਣ ਲਈ ਪੁਲੀਸ ਮੁਲਾਜ਼ਮ ਲਗਾਤਾਰ ਗਸ਼ਤ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਸਥਿਤੀ ਤਣਾਅਪੂਰਨ ਪਰ ਕੰਟਰੋਲ ਹੇਠ ਹੈ।’’ ਇਕ ਵਿਦਿਆਰਥੀ ਜਥੇਬੰਦੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਕੱਲ੍ਹ ਹੋਈ ਝੜਪ ਵਿੱਚ 55 ਤੋਂ ਵੱਧ ਵਿਦਿਆਰਥੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਖੇਤਰੀ ਮੈਡੀਕਲ ਸਾਇੰਸ ਸੰਸਥਾ ਵਿੱਚ ਭਰਤੀ ਕਰਵਾਇਆ ਗਿਆ ਹੈ।