ਰਮਦਾਸ, ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਗਈ ਕਿ ਸਰਹੱਦੀ ਰਾਵੀ ਦਰਿਆ ਕੰਢੇ ਵੱਸੇ ਸਰਹੱਦੀ ਪਿੰਡ ਬੱਲੜਵਾਲ ਤੱਕ ਅੰਮ੍ਰਿਤਸਰ ਤੋਂ ਰੇਲਵੇ ਲਾਈਨ ਬਣਾਈ ਜਾਵੇ ਅਤੇ ਕਸਬਾ ਰਮਦਾਸ ਦੇ ਰੇਲਵੇ ਸਟੇਸ਼ਨ ਦਾ ਨਿਰਮਾਣ ਤੁਰੰਤ ਕਰਵਾ ਕੇ ਉਸ ਦਾ ਦਾ ਨਾਮ ਬਾਬਾ ਬੁੱਢਾ ਜੀ ਦੇ ਨਾਂ ’ਤੇ ਰੱਖਿਆ ਜਾਵੇ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨਾਲ ਬੜੇ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਮੰਗ ਪੱਤਰ ਸੌਂਪਿਆ ਸ੍ਰੀ ਬਿੱਟੂ ਨੂੰ ਸੌਂਪ ਕੇ ਦੱਸਿਆ ਹੈ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਵਿੱਚ ਪਹਿਲਾਂ ਹੀ ਕੋਈ ਉਦਯੋਗ ਨਹੀਂ ਹੈ ਅਤੇ ਦੂਸਰਾ ਲੋਕਾਂ ਵੱਲੋਂ ਸਬਜ਼ੀਆਂ ਅਤੇ ਹੋਰ ਫ਼ਸਲਾਂ ਉਗਾਈਆਂ ਜਾਂਦੀਆਂ ਹਨ ਪਰ ਰੇਲਵੇ ਨਾਲ ਨਾ ਜੁੜੇ ਹੋਣ ਕਾਰਨ ਇਨ੍ਹਾਂ ਸਰਹੱਦੀ ਲੋਕਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦੇ ਕੰਢੇ ਵੱਸਿਆ ਸਰਹੱਦੀ ਪਿੰਡ ਬੱਲੜਵਾਲ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਵਪਾਰ ਦਾ ਗੜ੍ਹ ਹੁੰਦਾ ਸੀ ਅਤੇ ਅੱਜ ਰੇਲਵੇ ਲਿੰਕ ਨਾ ਹੋਣ ਕਾਰਨ ਇਹ ਇਲਾਕਾ ਪੱਛੜਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਸਰ ਤੋਂ ਵਾਇਆ ਅਜਨਾਲਾ-ਬੱਲੜਵਾਲ ਤੱਕ ਰੇਲਵੇ ਲਾਈਨ ਵਿਛਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਰੇਲਵੇ ਲਾਈਨ ਦੇ ਬਣਨ ਨਾਲ ਸਰਹੱਦ ’ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਵੀ ਸਾਮਾਨ ਦੀ ਢੋਆ ਢੁਆਈ ਵਿੱਚ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਕਸਬਾ ਰਮਦਾਸ ਵਿੱਚ ਬਣਿਆ ਰੇਲਵੇ ਸਟੇਸ਼ਨ ਢਹਿ ਢੇਰੀ ਹੋ ਚੁੱਕਾ ਹੈ ਅਤੇ ਇਹ ਕਸਬਾ ਬਾਬਾ ਬੁੱਢਾ ਜੀ ਦਾ ਕਸਬਾ ਹੈ। ਇਸ ਰੇਲਵੇ ਸਟੇਸ਼ਨ ਦਾ ਤੁਰੰਤ ਨਿਰਮਾਣ ਕਰਵਾਇਆ ਜਾਵੇ ਅਤੇ ਇਸ ਦਾ ਨਾਮ ਬਾਬਾ ਬੁੱਢਾ ਜੀ ਦੇ ਨਾਮ ’ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਰੇਲਵੇ ਲਾਈਨ ਡੇਰਾ ਬਾਬਾ ਨਾਨਕ ਤੱਕ ਜਾਂਦੀ ਹੈ ਜੋ ਕਦੇ ਵੰਡ ਤੋਂ ਪਹਿਲਾਂ ਸਿਆਲਕੋਟ ਹੁੰਦੀ ਹੋਈ ਲਾਹੌਰ ਨੂੰ ਜੋੜਦੀ ਸੀ। ਸ੍ਰੀ ਧਾਲੀਵਾਲ ਨੇ ਕਿਹਾ ਕਿ ਰੇਲ ਰਾਜ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਅਗਲੇ ਛੇ ਮਹੀਨਿਆਂ ਵਿੱਚ ਇਹ ਰੇਲਵੇ ਸਟੇਸ਼ਨ ਬਣ ਜਾਏਗਾ ਅਤੇ ਅੰਮ੍ਰਿਤਸਰ-ਅਜਨਾਲਾ-ਬੱਲੜ੍ਹਵਾਲ ਵਿੱਚ ਰੇਲਵੇ ਲਾਈਨ ਵਿਛਾ ਕੇ ਇਸ ਸਰਹੱਦੀ ਇਲਾਕੇ ਨੂੰ ਪੂਰੇ ਭਾਰਤ ਨਾਲ ਜੋੜਨ ਲਈ ਜਲਦੀ ਮੀਟਿੰਗ ਕੀਤੀ ਜਾਵੇਗੀ।