ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਦੇ ਸਿਫਰ ਕਾਲ ਦੌਰਾਨ ਫਸਲ ਦੀ ਖ਼ਰੀਦ ਨਾਲ ਜੁੜੇ ਦੋ ਅਹਿਮ ਮੁੱਦੇ ਉਠਾਉਂਦਿਆਂ ਆੜ੍ਹਤੀਆਂ ਨੂੰ ਕਣਕ ਅਤੇ ਝੋਨੇ ਉੱਪਰ ਮਿਲਣ ਵਾਲੇ ਕਮਿਸ਼ਨ ਨੂੰ ਪਹਿਲਾ ਵਾਂਗ ਐੱਮਐੱਸਪੀ ਦਾ ਢਾਈ ਫੀਸਦੀ ਨਿਰਧਾਰਤ ਕਰਨ ਅਤੇ ਗੁਦਾਮਾਂ ਵਿੱਚੋਂ ਝੋਨੇ ਦੀ ਚੁਕਾਈ ਨੂੰ ਤੇਜ਼ ਕਰਨ ਲਈ ਪੰਜਾਬ ਲਈ ਸਪੈਸ਼ਲਾਂ ਵਧਾਉਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਫ਼ਸਲ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਇਨ੍ਹਾਂ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ।
ਮੀਤ ਹੇਅਰ ਨੇ ਕਿਹਾ ਕਿ 2019-20 ਤੱਕ ਕਣਕ ਤੇ ਝੋਨੇ ਉੱਪਰ ਆੜ੍ਹਤੀਆਂ ਦਾ ਕਮਿਸ਼ਨ ਘੱਟੋ-ਘੱਟ ਲਾਗਤ ਮੁੱਲ (ਐੱਮਐੱਸਪੀ) ਦਾ ਢਾਈ ਫੀਸਦੀ ਨਿਰਧਾਰਤ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸ ਨੂੰ ਬਦਲ ਕੇ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਉਦੋਂ ਤੋਂ ਇਹੋ ਦਰ ਚੱਲ ਰਹੀ ਹੈ, ਜਦੋਂਕਿ ਮਹਿੰਗਾਈ ਹੋਰ ਵਧ ਗਈ ਪਰ ਕਮਿਸ਼ਨ ਜਿਉਂ ਦਾ ਤਿਉਂ ਰਿਹਾ। ਇਸ ਕਾਰਨ ਪਿਛਲੇ ਸਮੇਂ ਵਿੱਚ ਆੜ੍ਹਤੀਆਂ ਵੱਲੋਂ ਹੜਤਾਲ ਕੀਤੀ ਗਈ, ਜਿਸ ਦਾ ਸਿੱਧਾ ਅਸਰ ਪੰਜਾਬ ਵਿੱਚ ਫ਼ਸਲ ਦੀ ਖ਼ਰੀਦ ’ਤੇ ਪਿਆ।