PU ’ਚ ਮੁੜ ਵੱਡੇ ਰੋਸ ਮੁਜ਼ਾਹਰੇ ਦੇ ਆਸਾਰ, 18 ਨੂੰ ਬਣੇਗੀ ਰਣਨੀਤੀ

ਚੰਡੀਗੜ੍ਹ। ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਨੂੰ ਲੈ ਕੇ ਇਕ ਵਾਰ ਫਿਰ ਸਰਗਰਮੀਆਂ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਪੀਯੂ ਦੇ ਵਿਦਿਆਰਥੀ, ਕਿਸਾਨ ਅਤੇ ਮਜ਼ਦੂਰ ਸੰਗਠਨਾਂ ਨੇ 18 ਨਵੰਬਰ ਨੂੰ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਜਾਵੇਗਾ ਕਿ ਬੀਤੀ 10 ਨਵੰਬਰ ਨੂੰ ਹੋਏ ਰੋਸ ਮੁਜ਼ਾਹਰੇ ਵਾਂਗ ਦੁਬਾਰਾ ਵੱਡਾ ਰੋਸ ਮੁਜ਼ਾਹਰੇ ਕੀਤਾ ਜਾਵੇ ਜਾਂ ਨਹੀਂ। ਜਾਣਕਾਰੀ ਮੁਤਾਬਕ ਜੇ ਪੀਯੂ ਪ੍ਰਸ਼ਾਸਨ ਨੇ ਜਲਦ ਕੋਈ ਕਾਰਵਾਈ ਨਾ ਕੀਤੀ ਤਾਂ ਯੂਨੀਵਰਸਿਟੀ ਵਿਚ ਫਿਰ 10 ਨਵੰਬਰ ਵਾਲਾ ਮਾਹੌਲ ਬਣ ਸਕਦਾ ਹੈ।
10 ਨਵੰਬਰ ਨੂੰ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਤੋਂ ਲਗਭਗ ਅੱਠ ਹਜ਼ਾਰ ਲੋਕ ਪੀਯੂ ਪਹੁੰਚੇ ਸਨ। ਇਸ ਦੌਰਾਨ ਪੁਲਿਸ ਬਲ ਮੁਜ਼ਾਹਰਾਕਾਰੀਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ ਸੀ। ਐੱਸਐੱਸਪੀ ਕੰਵਰਦੀਪ ਕੌਰ ਤੇ ਆਈਜੀ ਪੁਸ਼ਪੇਂਦਰ ਕੁਮਾਰ ਦੇ ਸਾਹਮਣੇ ਹੀ ਗੇਟ ਨੰਬਰ ਇਕ ਤੋੜ ਕੇ ਮੁਜ਼ਾਹਰਾਕਾਰੀ ਅੰਦਰ ਦਾਖ਼ਲ ਹੋ ਗਏ ਸਨ, ਜਿਸ ਕਾਰਨ ਕਾਫ਼ੀ ਹੰਗਾਮਾ ਹੋਇਆ। ਹੁਣ ਫਿਰ ਅਜਿਹੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ।

ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਬਾਰੇ ਮੰਗ ਨੂੰ ਲੈ ਕੇ ਪੀਯੂ ਬਚਾਓ ਮੋਰਚਾ ਪਿਛਲੇ 15 ਦਿਨਾਂ ਤੋਂ ਕੁਲਪਤੀ ਦਫ਼ਤਰ ਦੇ ਬਾਹਰ ਧਰਨਾ ਦੇ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣਾਂ ਦਾ ਸ਼ਡਿਊਲ ਤਿਆਰ ਕਰ ਕੇ ਚਾਂਸਲਰ ਕੋਲ ਭੇਜ ਦਿੱਤਾ ਗਿਆ ਹੈ ਪਰ ਇਸ ਦਾ ਅਧਿਕਾਰਕ ਐਲਾਨ ਅਜੇ ਨਹੀਂ ਹੋਇਆ। ਵਿਦਿਆਰਥੀਆਂ ਨੇ ਸਾਫ਼ ਕਿਹਾ ਹੈ ਕਿ ਜੇ 18 ਨਵੰਬਰ ਤੋਂ ਪਹਿਲਾਂ ਚੋਣਾਂ ਦਾ ਲਿਖਤੀ ਸ਼ਡਿਊਲ ਜਾਰੀ ਨਾ ਹੋਇਆ ਤਾਂ ਉਹ ਸਮੈਸਟਰ ਪ੍ਰੀਖਿਆਵਾਂ ਨਹੀ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸੈਨੇਟ ਚੋਣਾਂ ਯੂਨੀਵਰਸਿਟੀ ਦੀ ਪਾਰਦਰਸ਼ੀ ਪ੍ਰਣਾਲੀ ਲਈ ਜ਼ਰੂਰੀ ਹਨ ਤੇ ਪ੍ਰਸ਼ਾਸਨ ਦੀ ਚੁੱਪ ਨਾਲ ਮਾਹੌਲ ਹੋਰ ਵਿਗੜ ਸਕਦਾ ਹੈ।

Leave a Reply

Your email address will not be published. Required fields are marked *