ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਲਈ ਕਿਹਾ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿਚ ਪੋਸਟ ਗ੍ਰੈਜੂਏਟ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਮੁੜ ਕੰਮ ਸ਼ੁਰੂ ਕਰਨ ਲਈ ਕਿਹਾ। ਅਦਾਲਤ ਨੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦੁਬਾਰਾ ਜੁਆਇਨ ਕਰਨ ’ਤੇ ਕੋਈ ਵਿਰੋਧੀ ਕਾਰਵਾਈ ਨਹੀਂ ਕੀਤੀ ਜਾਵੇਗੀ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੂੰ ਏਮਜ਼ ਨਾਗਪੁਰ ਦੇ ਰੈਜ਼ੀਡੈਂਟ ਡਾਕਟਰਾਂ ਦੇ ਵਕੀਲ ਨੇ ਦੱਸਿਆ ਕਿ ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ’ਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ, ‘‘ਇੱਕ ਵਾਰ ਜਦੋਂ ਉਹ ਡਿਊਟੀ ‘ਤੇ ਪਰਤ ਜਾਣਗੇ ਤਾਂ ਅਸੀਂ ਅਧਿਕਾਰੀਆਂ ’ਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਲਈ ਦਬਾਅ ਪਾਵਾਂਗੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇ ਡਾਕਟਰ ਕੰਮ ਨਹੀਂ ਕਰਨਗੇ ਤਾਂ ਜਨਤਕ ਸਿਹਤ ਬੁਨਿਆਦੀ ਢਾਂਚਾ ਕਿਵੇਂ ਚੱਲੇਗਾ।’’ ਬੈਂਚ ਨੇ ਕਿਹਾ, ‘‘ਜੇ ਉਸ ਤੋਂ ਬਾਅਦ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਕੋਲ ਆਓ, ਪਰ ਉਨ੍ਹਾਂ ਨੂੰ ਪਹਿਲਾਂ ਕੰਮ ਕਰਨ ਲਈ ਰਿਪੋਰਟ ਕਰਨ ਦਿਓ।’’

Leave a Reply

Your email address will not be published. Required fields are marked *