ਪਨਗਰ/ਰੋਪੜ, 18 ਅਪ੍ਰੈਲ (ਬਿਊਰੋ)- ਰੂਪਨਗਰ ਵਿਖੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਰੂਪਨਗਰ-ਸ੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਸਥਿਤ ਪਿੰਡ ਮਲਿਕਪੁਰ ਕੋਲ ਇਕ ਕਾਰ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਉਕਤ ਕਾਰ (ਨੰਬਰ ਆਰ. ਜੇ. 23 ਸੀ. ਡੀ. 3877) ਪੁੱਲ ਤੋਂ ਹੇਠਾਂ ਸਰਹਿੰਦ ਨਹਿਰ ’ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ’ਚ 1 ਬੱਚਾ, 2 ਔਰਤਾਂ, 2 ਵਿਅਕਤੀ ਸ਼ਾਮਲ ਹਨ, ਜੋਕਿ ਰਾਜਸਥਾਨ ਦੇ ਰਹਿਣ ਵਾਲੇ ਸਨ। ਹਾਦਸੇ ਦੀ ਸੂਚਨਾ ਪਾ ਕੇ ਮੌਕੇ ’ਤੇ ਪਹੁੰਚੀ ਪੁਲਸ ਅਤੇ ਗੋਤਾਖੋਰਾਂ ਵੱਲੋਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਜਾਂਚ ਕੀਤੀ ਜਾ ਰਹੀ ਹੈ।
ਉਥੇ ਹੀ ਕਾਰ ਵਿਚੋਂ ਰਾਜਸਥਾਨ ਦੇ ਸੀਕਰ ਦੇ ਇਕ ਪੁਲਸ ਮੁਲਾਜ਼ਮ ਦੀ ਤਸਵੀਰ ਮਿਲੀ ਹੈ ਅਤੇ ਇਕ ਬੀਬੀ ਸਰਿਤਾ ਪੂਨੀਆ ਪਤਨੀ ਸਤੀਸ਼ ਪੂਨੀਆ ਦੇ ਨਾਂ ਦਾ ਆਈ. ਡੀ. ਪਰੂਫ਼ ਮਿਲਿਆ ਹੈ। ਇਹ ਚੀਜ਼ਾਂ ਕਾਰ ਕੱਢਣ ਵਾਲੇ ਗੋਤਾਖ਼ੋਰਾਂ ਨੂੰ ਮਿਲੇ ਇਕ ਬੈਗ ’ਚੋਂ ਹਾਸਲ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਦੇ ਨੰਬਰ ਵਾਲੀ ਇਹ ਕਾਰ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਰੂਪਨਗਰ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਇਕ ਪ੍ਰਾਈਵੇਟ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।