ਬਠਿੰਡਾ, 3 ਸਤੰਬਰ (ਦਲਜੀਤ ਸਿੰਘ)- ਪੰਜਾਬ ਵਿਚ ਬਿਜਲੀ ਉਤਪਾਦਨ ਦੇ ਇਕ ਸੁਨਹਿਰੀ ਯੁੱਗ ਦਾ ਅੰਤ ਕਰਦੇ ਹੋਏ ਬਠਿੰਡਾ ਦੇ ਬੰਦ ਕੀਤੇ ਗਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ ਤਿੰਨ ਅਤੇ ਚਾਰ ਨੰਬਰ ਯੂਨਿਟ ਦੀਆਂ 2 ਚਿਮਨੀਆਂ ਨੂੰ ਸੁੱਟ ਦਿੱਤਾ ਗਿਆ ਜਦਕਿ ਇਮਾਰਤ ਨੂੰ ਵੀ ਢਾਹਿਆ ਜਾ ਰਿਹਾ ਹੈ। ਚਿਮਨੀਆਂ ਨੂੰ ਸੁੱਟਣ ਦੇ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਅਦ ਦੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਜ਼ੋਰਦਾਰ ਭੜਾਸ ਕੱਢੀ। ਲੋਕਾਂ ਨੇ ਵਿੱਤ ਮੰਤਰੀ ਨੂੰ ਉਨ੍ਹਾਂ ਦੇ ਸ਼ਬਦਾਂ ਦੀ ਯਾਦ ਦਿਵਾਈ ਜਿਸ ਵਿਚ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਕਹਿੰਦੇ ਸਨ ਕਿ ਭਲੇ ਹੀ ਕੁਝ ਵੀ ਹੋ ਜਾਵੇ, ਮੈਂ ਇਨ੍ਹਾਂ ਚਿਮਨੀਆਂ ’ਚੋਂ ਮੁੜ ਧੂਆ ਕੱਢ ਕੇ ਦਿਵਾਵਾਂਗਾ। ਲੋਕਾਂ ਨੇ ਕਿਹਾ ਕਿ ਚਿਮਨੀਆਂ ’ਚੋਂ ਧੂੰਆ ਨਿਕਲਦੇ ਨਿਕਲਦੇ ਵਿੱਤ ਮੰਤਰੀ ਨੇ ਚਿਮਨੀਆਂ ਦਾ ਹੀ ਧੂੰਆ ਕੱਢ ਦਿੱਤਾ।
ਇਕ ਪਾਸੇ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਥਰਮਲ ਸੁੱਟਣ ਦੇ ਲਈ ਕਾਂਗਰਸ ਅਤੇ ਵਿਸ਼ੇਸ਼ ਕਰ ਵਿੱਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉੱਥੇ ਹੀ ਕਾਂਗਰਸ ਦੇ ਵਰਕਰਾਂ ਇਸ ਦਾ ਸਾਰਾ ਠੀਕਰਾ ਅਕਾਲੀ ਭਾਜਪਾ ਸਰਕਾਰ ਦੇ ਸਿਰ ਭੰਨ ਰਹੇ ਹਨ। ਇਸ ਮਾਮਲੇ ਵਿਚ ਸ਼ਹਿਰ ਦੇ ਆਮ ਲੋਕ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ ਪਰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸਭ ਤੋਂ ਜ਼ਿਆਦਾ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਥਰਮਲ ਪਲਾਂਟ ਦੀ ਇਮਾਰਤ ਅਤੇ ਚਿਮਨੀਆਂ ਨੂੰ ਢਾਹੁਣ ਦਾ ਠੇਕਾ ਵੀ ਇਕ ਨਿੱਜੀ ਕੰਪਨੀ ਨੂੰ ਸੌਪਿਆ ਗਿਆ ਹੈ ਜੋ ਲਗਾਤਾਰ ਆਪਣਾ ਕੰਮ ਕਰ ਰਹੀ ਹੈ।