ਕਾਬੁਲ, 30 ਅਗਸਤ (ਦਲਜੀਤ ਸਿੰਘ)- ਅਫਗਾਨਿਸਤਾਨ ਦੇ ਕਾਬੁਲ ਵਿਚ ਸੋਮਵਾਰ ਸਵੇਰੇ ਇਕ ਵਾਰ ਫਿਰ ਰਾਕੇਟ ਦਾਗੇ ਗਏ ਹਨ। ਸਵੇਰੇ ਕਰੀਬ 6:40 ਵਜੇ ਇੱਥੇ ਕਾਬੁਲ ਹਵਾਈ ਅੱਡੇ ਨੇੜੇ ਰਾਕੇਟ ਹਮਲੇ ਕੀਤੇ ਗਏ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਕ ਗੱਡੀ ਤੋਂ ਇਹਨਾਂ ਰਾਕੇਟ ਨੂੰ ਛੱਡਿਆ ਗਿਆ ਸੀ।ਗੌਰਤਲਬ ਹੈ ਕਿ ਅਮਰੀਕੀ ਸੈਨਾ ਦੇ ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਮਲੇ ਕਾਫੀ ਤੇਜ਼ ਹੋਏ ਹਨ।ਇਹਨਾਂ ਰਾਕੇਟਾਂ ਕਾਰਨ ਵੱਖ-ਵੱਖ ਥਾਵਾਂ ‘ਤੇ ਧੂੰਏਂ ਦਾ ਗੁਬਾਰ ਉੱਠ ਰਿਹਾ ਹੈ। ਕਈ ਜਗ੍ਹਾ ਅੱਗ ਵੀ ਲੱਗੀ ਹੈ ਅਤੇ ਕਈ ਗੱਡੀਆਂ ਨੁਕਸਾਨੀਆਂ ਗਈਆਂ ਹਨ। ਇਹ ਰਾਕੇਟ ਕਿਸਨੇ ਦਾਗੇ ਹਨ ਫਿਲਹਾਲ ਇਸ ਸੰਬੰਧੀ ਜਾਣਕਾਰੀ ਨਹੀਂ ਹੈ। ਸਥਾਨਕ ਮੀਡੀਆ ਮੁਤਾਬਕ ਕਾਬੁਲ ਹਵਾਈ ਅੱਡੇ ਨੇੜੇ ਯੂਨੀਵਰਸਿਟੀ ਦੇ ਕਿਨਾਰੇ ਤੋਂ ਇਕ ਗੱਡੀ ਤੋਂ ਰਾਕੇਟ ਦਾਗੇ ਗਏ। ਕਈ ਰਾਕੇਟ ਨੂੰ ਕਾਬੁਲ ਏਅਰ ਫੀਲਡ ਡਿਫੈਂਸ ਸਿਸਟਮ ਨੇ ਅਸਫਲ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ 31 ਅਗਸਤ ਤੱਕ ਅਮਰੀਕੀ ਸੈਨਾ ਨੇ ਕਾਬੁਲ ਛੱਡਣਾ ਹੈ ਅਤੇ ਉਸ ਤੋਂ ਪਹਿਲਾਂ ਕਾਬੁਲ ਹਵਾਈ ਅੱਡੇ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਲੈ ਕੇ ਐਲਰਟ ਜਾਰੀ ਕੀਤਾ ਗਿਆ ਹੈ।
ਪਹਿਲਾਂ ਵੀ ਕਾਬੁਲ ਹਵਾਈ ਅੱਡੇ ‘ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ ਜਿਸ ਵਿਚ 13 ਅਮਰੀਕੀ ਸੈਨਿਕਾਂ ਸਮੇਤ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਮਗਰੋਂ ਅਮਰੀਕਾ ਵੱਲੋਂ ਕਾਬੁਲ ਵਿਚ ਏਅਰਸਟ੍ਰਾਈਕ ਕੀਤੀ ਗਈ, ਜਿਸ ਵਿਚ ੀਸ਼ੀਸ਼-ਖ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਐਤਵਾਰ ਨੂੰ ਇਕ ਸਟ੍ਰਾਈਕ ਵਿਚ ਆਮ ਲੋਕਾਂ ਦੀ ਵੀ ਜਾਨ ਗਈ ਸੀ ਭਾਵੇਂਕਿ ਅਮਰੀਕਾ ਵੱਲੋਂ ਪਹਿਲਾਂ ਹੀ ਐਲਰਟ ਜਾਰੀ ਕੀਤਾ ਗਿਆ ਸੀ ਕਿ 31 ਅਗਸਤ ਤੱਕ ਕਾਬੁਲ ਹਵਾਈ ਅੱਡੇ ‘ਤੇ ਕਈ ਹਮਲੇ ਕੀਤੇ ਜਾ ਸਕਦੇ ਹਨ।