ਨੋਇਡਾ- ਨੋਇਡਾ ਐਕਸਟੇਂਸ਼ਨ ‘ਚ ਇਕ ਨਿਰਮਾਣ ਅਧੀਨ ਸੋਸਾਇਟੀ ਦੀ ਸਰਵਿਸ ਲਿਫ਼ਟ ਟੁੱਟ ਕੇ ਡਿੱਗਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ 4 ਹੋਰ ਮਜ਼ਦੂਰਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ, ਜਿਸ ਨਾਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਨੋਇਡਾ ਐਕਸਟੇਂਸ਼ਨ ਦੀ ਆਮਰਪਾਲੀ ਡ੍ਰੀਮ ਵੈਲੀ ਪ੍ਰਾਜੈਕਟ ਸਥਾਨ ‘ਤੇ ਇਕ ਨਿਰਮਾਣ ਅਧੀਨ ਟਾਵਰ ਦੀ ਲਿਫ਼ਟ ਜਦੋਂ ਟੁੱਟ ਕੇ 14ਵੀਂ ਮੰਜ਼ਿਲ ਤੋਂ ਹੇਠਾਂ ਡਿੱਗੀ, ਉਦੋਂ ਉਸ ‘ਚ 9 ਲੋਕ ਮੌਜੂਦ ਸਨ। ਲੰਮੇਂ ਸਮੇਂ ਤੋਂ ਅਟਕੇ ਇਸ ਪ੍ਰਾਜੈਕਟ ਨੂੰ ਸਰਕਾਰੀ ਕੰਪਨੀ ਰਾਸ਼ਟਰੀ ਭਵਨ ਨਿਰਮਾਣ ਨਿਗਮ (ਐੱਨ.ਬੀ.ਸੀ.ਸੀ.) ਪੂਰਾ ਕਰ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਮਨੀਸ਼ ਵਰਮਾ ਨੇ ਕਿਹਾ,”ਸ਼ੁੱਕਰਵਾਰ ਨੂੰ ਹੋਏ ਹਾਦਸੇ ਤੋਂ ਬਾਅਦ 4 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਉੱਥੇ ਹੀ 5 ਮਜ਼ਦੂਰਾਂ ਨੂੰ ਗੰਭੀਰ ਹਾਲਤ ‘ਚ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ‘ਚੋਂ ਚਾਰ ਹੋਰ ਲੋਕਾਂ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ, ਜਦੋਂ ਕਿ ਇਕ ਮਜ਼ਦੂਰ ਦਾ ਇਲਾਜ ਜਾਰੀ ਹੈ।”