ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ “ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਮੱਛੀ ਮੰਡੀਆਂ ਵਿੱਚ ਅਚਨਚੇਤ ਚੈਕਿੰਗ ਕਰਦਿਆਂ ਕਰੀਬ 33 ਕੁਇੰਟਲ ਪਾਬੰਦੀਸੁ਼ਦਾ ਮੰਗੂਰ ਮੱਛੀ ਜ਼ਬਤ ਕੀਤੀ ਹੈ। ਢੰਡਾਰੀ ਖੁਰਦ ਅਤੇ ਤਾਜਪੁਰ ਰੋਡ ਤੋਂ ਕਰੀਬ 15 ਕੁਇੰਟਲ ਅਤੇ ਸ਼ੇਰਪੁਰ ਵਿਖੇ 18 ਕੁਇੰਟਲ ਮੰਗੂਰ ਮੱਛੀ ਜ਼ਬਤ ਕੀਤੀ ਗਈ ਹੈ। ਵਿਧਾਇਕ ਛੀਨਾ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਸਥਾਨਕ ਲੋਕ ਪਿਛਲੇ ਲੰਬੇ ਸਮੇਂ ਤੋਂ ਛੱਪੜਾਂ ਵਿੱਚ ਅੰਨ੍ਹੇਵਾਹ ਮੰਗੂਰ ਮੱਛੀ ਪਾਲ ਰਹੇ ਹਨ।
ਇੰਨਾ ਹੀ ਨਹੀਂ ਸਗੋਂ ਇਸ ਪਾਬੰਦੀਸ਼ੁਦਾ ਮੱਛੀ ਨੂੰ ਬਾਜ਼ਾਰ ਵਿੱਚ ਵੀ ਖੁੱਲ੍ਹੇਆਮ ਵੇਚਣ ਬਾਰੇ ਸੂਚਨਾ ਮਿਲੀ ਹੈ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਥਾਨਕ ਢੰਡਾਰੀ ਖੁਰਦ, ਤਾਜਪੁਰ ਰੋਡ ਅਤੇ ਸ਼ੇਰਪੁਰ ਤੋਂ ਕਈ ਕੁਇੰਟਲ ਮੰਗੂਰ ਮੱਛੀ ਜ਼ਬਤ ਕੀਤੀ। ਉਨ੍ਹਾਂ ਦੱਸਿਆ ਕਿ ਜੇਸੀਬੀ. ਦੀ ਮਦਦ ਨਾਲ ਟੋਆ ਪੁੱਟ ਕੇ ਮੱਛੀ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਜ਼ਿਂਕਰਯੋਗ ਹੈ ਕਿ ਸਾਲ 2000 ‘ਚ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦੇਸ਼ ਭਰ ਵਿੱਚ ਮੰਗੂਰ ਮੱਛੀ ਦੀ ਵਿਕਰੀ ‘ਤੇ ਰੋਕ ਲਗਾਈ ਗਈ ਸੀ ਅਤੇ ਮੌਜੂਦਾ ਸਮੇ ਪੰਜਾਬ ਸਰਕਾਰ ਦੁਆਰਾ ਵੀ ਮੰਗੂਰ ਮੱਛੀ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਕੁਝ ਲੋਕ ਇਸ ਦਾ ਪਾਲਣ ਕਰ ਕੇ ਕਾਰੋਬਾਰ ਕਰ ਰਹੇ ਹਨ ਜੋ ਕਿ ਗੈਰ-ਕਾਨੂੰਨੀ ਹੈ।