ਜਲੰਧਰ, 30 ਅਗਸਤ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਜਨਰਲ ਸੈਕਟਰੀ ਪਰਗਟ ਸਿੰਘ ਨੇ ਕਰਨਾਲ ਵਿਚ ਕਿਸਾਨਾਂ ਖ਼ਿਲਾਫ਼ ਹੋਈ ਹਿੰਸਾ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਹੈ। ਪਰਗਟ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਕਿਸਾਨਾਂ ਦੇ ਮੁੱਦੇ ’ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ’ਤੇ ਤਿੱਖਾ ਹਮਲਾ ਬੋਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਰੀਬ ਦੋ ਮਹੀਨੇ ਪਹਿਲਾਂ ਸਾਰੇ ਵਿਧਾਇਕ ਦਿੱਲੀ ਵਿਖੇ ਖੜ੍ਹਗੇ ਕਮੇਟੀ ਨਾਲ ਮਿਲੇ ਸਨ ਤਾਂ ਤੈਅ ਹੋਇਆ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ’ਚ ਲੜੀਆਂ ਜਾਣਗੀਆਂ, ਹੁਣ ਜੇਕਰ ਹਰੀਸ਼ ਰਾਵਤ ਇਹ ਕਹਿ ਰਹੇ ਹਨ ਕਿ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਫ਼ੈਸਲਾ ਕਦੋ ਹੋਇਆ।
ਹਰੀਸ਼ ਰਾਵਤ ਨੂੰ ਆਪਣੇ ਬਿਆਨ ’ਤੇ ਸਫ਼ਾਈ ਦੇਣੀ ਚਾਹੀਦੀ ਹੈ। ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਇੱਟ ਨਾਲ ਇੱਟ ਖੜ੍ਹਕਾਉਣ ਦੇ ਬਿਆਨ ’ਤੇ ਵੀ ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਦਾ ਇਹ ਬਿਆਨ ਸੋਨੀਆ ਗਾਂਧੀ, ਰਾਹੁਲ ਗਾਂਧੀ ਜਾਂ ਪਾਰਟੀ ਹਾਈਕਮਾਨ ਲਈ ਨਹੀਂ ਸੀ ਸਗੋਂ ਪ੍ਰਧਾਨ ਨੇ ਉਹ ਗੱਲ ਹਰੀਸ਼ ਰਾਵਤ ਲਈ ਕਹੀ ਸੀ, ਕਿਉਂਕਿ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। ਉਥੇ ਹੀ ਪਰਗਟ ਸਿੰਘ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੋਢੀ ਨੇ ਇੰਨੇ ਸਾਲਾਂ ਤੱਕ ਖੇਡਾਂ ਲਈ ਕੁਝ ਨਹੀਂ ਕੀਤਾ ਅਤੇ ਹੁਣ ਉਹ ਕੀ ਕਰਨਗੇ। ਉਥੇ ਹੀ ਪਰਗਟ ਸਿੰਘ ਨੇ ਕਿਹਾ ਕਿ ਸੋਢੀ ਖ਼ਿਲਾਫ਼ ਦੋ ਪਰਚੇ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ ਅਤੇ ਇਕ ਦੀ ਸਿਫ਼ਾਰਿਸ਼ ਕਾਂਗਰਸ ਨੇ ਕੀਤੀ ਹੈ, ਇਸ ਲਈ ਉਹ ਸੋਢੀ ਨੂੰ ਠੀਕ ਤਰ੍ਹਾਂ ਨਾਲ ਕੰਮ ਕਰਨ ਦੀ ਸਲਾਹ ਦਿੰਦੇ ਹਨ।
ਸਿੱਧੂ ਦੇ ਖੇਮੇ ’ਤੇ ਕਈ ਦਿਨਾਂ ਤੋਂ ਸਖ਼ਤ ਹਨ ਹਰੀਸ਼ ਰਾਵਤ
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਿੱਧੂ ਦੇ ਖੇਮੇ ’ਤੇ ਹਰੀਸ਼ ਰਾਵਤ ਸਖ਼ਤ ਰਵੱਈਆ ਵਰਤ ਰਹੇ ਹਨ। ਸਿੱਧੂ ਦੇ ਖੇਮੇ ਦੇ 4 ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਹਰੀਸ਼ ਰਾਵਤ ਨੇ ਕਹਿ ਦਿੱਤਾ ਸੀ ਕਿ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀਆਂ ਜਾਣਗੀਆਂ। ਸਿੱਧੂ ਦੇ ਸਲਾਹਕਾਰਾਂ ਲਈ ਵੀ ਬੋਲੇ ਸਨ ਕਿ ਸਿੱਧੂ ਨਹੀਂ ਹਟਾਉਣਗੇ ਤਾਂ ਅਸੀਂ ਹਟਾ ਦੇਵਾਂਗੇ। ਇਸ ਨਾਲ ਸਿੱਧੂ ਖੇਮੇ ਨਾਰਾਜ਼ ਹੈ।