ਚੰਡੀਗੜ੍ਹ- ਚੰਡੀਗੜ੍ਹ ‘ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਹਰ ਕੋਈ ਠੁਰ-ਠੁਰ ਕਰ ਰਿਹਾ ਹੈ। ਹਾਲਾਂਕਿ ਮੰਗਲਵਾਰ ਨੂੰ ਸ਼ਹਿਰ ‘ਚ ਧੁੱਪ-ਛਾਂ ਦਾ ਦੌਰ ਚੱਲਦਾ ਰਿਹਾ। ਧੁੱਪ ਦੇ ਬਾਵਜੂਦ ਸਾਰਾ ਦਿਨ ਸਰਦੀ ਦਾ ਅਹਿਸਾਸ ਹੁੰਦਾ ਰਿਹਾ। ਮੌਸਮ ਵਿਭਾਗ ਮੁਤਾਬਕ ਸ਼ਹਿਰ ਦੇ ਤਾਪਮਾਨ ‘ਚ ਆਉਣ ਵਾਲੇ ਦਿਨਾਂ ‘ਚ ਜ਼ਿਆਦਾ ਗਿਰਾਵਟ ਦੀ ਸੰਭਾਵਨਾ ਹੈ। ਧੁੰਦ ਅਤੇ ਸੀਤ ਲਹਿਰ ਦਾ ਦੌਰ ਜਾਰੀ ਰਹੇਗਾ। ਵਿਭਾਗ ਨੇ ਦੱਸਿਆ ਕਿ ਉੱਤਰ-ਪੱਛਮੀਂ ਮੈਦਾਨੀ ਇਲਾਕਿਆਂ ‘ਚ ਉੱਚ ਨਮੀ ਤੇ ਹਲਕੀਆਂ ਉੱਤਰੀ ਹਵਾਵਾਂ ਕਾਰਨ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ‘ਚ ਠੰਡ ਪੈ ਰਹੀ ਹੈ। ਆਉਣ ਵਾਲੇ ਦੋ ਦਿਨਾਂ ‘ਚ ਹੁਣ ਠੰਡ ਕਾਫ਼ੀ ਪਏਗੀ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਹਲਕੀ ਧੁੰਦ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 17 ਤੇ ਘੱਟੋ-ਘੱਟ 7 ਡਿਗਰੀ ਰਹਿ ਸਕਦਾ ਹੈ। ਉੱਥੇ ਹੀ ਵੀਰਵਾਰ ਵੀ ਅੰਸ਼ਿਕ ਬੱਦਲ ਛਾਏ ਰਹਿਣ ਅਤੇ ਧੁੰਦ ਦੇ ਆਸਾਰ ਹਨ।
ਵੱਧ ਤੋਂ ਵੱਧ ਤਾਪਮਾਨ 18 ਤੇ ਘੱਟੋ-ਘੱਟ 9 ਡਿਗਰੀ ਰਹੇਗਾ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 19, ਜਦੋਂ ਕਿ ਘੱਟੋ-ਘੱਟ 9 ਡਿਗਰੀ ਰਹੇਗਾ। ਬੀਤੇ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਪਾਰਾ 17 ਡਿਗਰੀ ਰਿਹਾ, ਜੋ ਆਮ ਤੋਂ 5 ਡਿਗਰੀ ਘੱਟ ਦੱਸਿਆ ਗਿਆ। ਉੱਥੇ ਹੀ ਘੱਟੋ-ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ, ਜੋ ਆਮ ਤੋਂ 1 ਡਿਗਰੀ ਘੱਟ ਸੀ।