ਬਠਿੰਡਾ- ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ’ਚ 4 ਜਵਾਨਾਂ ਦੇ ਕਤਲ ਦੇ ਦੋਸ਼ੀ ਦੇਸਾਈ ਮੋਹਨ ਦਾ ਅਦਾਲਤ ਨੇ 5 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ। ਇਸ ਤੋਂ ਪਹਿਲਾਂ ਉਹ 3 ਦਿਨ ਦੇ ਰਿਮਾਂਡ ’ਤੇ ਸੀ। ਪੁਲਸ ਅਨੁਸਾਰ ਉਹ ਅਜੇ ਵੀ ਗੁੰਮਰਾਹ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ। ਉਹ ਨਵੀਆਂ ਕਹਾਣੀਆਂ ਪੇਸ਼ ਕਰ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਲਸ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। 12 ਅਪ੍ਰੈਲ ਨੂੰ ਦੇਸਾਈ ਮੋਹਨ ਨੇ ਕੈਂਟ ਦੀ 80 ਮੀਡੀਆ ਰੈਜੀਮੈਂਟ ਯੂਨਿਟ ਦੇ 4 ਜਵਾਨਾਂ ਨੂੰ ਚੋਰੀ ਦੀ ਇੰਸਾਸ ਰਾਈਫਲ ਨਾਲ ਗੋਲੀ ਮਾਰ ਦਿੱਤੀ, ਜਦੋਂ ਉਹ ਸੌਂ ਰਹੇ ਸਨ।
ਆਪਣੇ ਜੁਰਮ ਨੂੰ ਛੁਪਾਉਣ ਲਈ ਦੋਸ਼ੀ ਉਕਤ ਘਟਨਾ ਦਾ ਚਸ਼ਮਦੀਦ ਗਵਾਹ ਬਣ ਗਿਆ ਸੀ ਪਰ ਪੁਲਸ ਅਤੇ ਫੌਜ ਵੱਲੋਂ ਕੀਤੀ ਗਈ ਜਾਂਚ ਦੌਰਾਨ ਜਦੋਂ ਦੋਸ਼ੀ ਨੇ ਪੁੱਛਗਿੱਛ ਦੌਰਾਨ ਆਪਣਾ ਬਿਆਨ ਬਦਲ ਲਿਆ ਤਾਂ ਪੰਜਾਬ ਪੁਲਸ ਨੇ ਉਸਨੂੰ 17 ਅਪ੍ਰੈਲ ਨੂੰ ਗ੍ਰਿਫ਼ਤਾਰ ਕਰ ਲਿਆ। ਜੋ 20 ਅਪ੍ਰੈਲ ਤਕ ਪੁਲਸ ਰਿਮਾਂਡ ’ਤੇ ਚੱਲ ਰਿਹਾ ਸੀ। ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮ ਪੁਲਸ ਪੁੱਛਗਿੱਛ ਦੌਰਾਨ ਨਵੀਆਂ ਕਹਾਣੀਆਂ ਸੁਣਾ ਰਿਹਾ ਹੈ ਪਰ ਪੁਲਸ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਰਿਮਾਂਡ ਦੌਰਾਨ ਪੁਲਸ ਦੋਸ਼ੀ ਤੋਂ ਪਤਾ ਲਗਾਉਣਾ ਚਾਹੁੰਦੀ ਹੈ ਕਿ ਕਤਲ ਦੀ ਘਟਨਾ ਤੋਂ ਬਾਅਦ ਦੋਸ਼ੀ ਦੀ ਮਦਦ ਕਿਸ ਨੇ ਕੀਤੀ ਅਤੇ ਉਹ ਕਿਸ ਦੇ ਸੰਪਰਕ ਵਿਚ ਸੀ। ਹਾਲਾਂਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਪੁਲਸ ਦੇ ਸਵਾਲਾਂ ਦਾ ਕੋਈ ਸਹੀ ਜਵਾਬ ਨਹੀਂ ਦਿੱਤਾ, ਸਗੋਂ ਉਹ ਪੁਲਸ ਨੂੰ ਗੁੰਮਰਾਹ ਕਰਨ ਲਈ ਵੱਖ-ਵੱਖ ਕਹਾਣੀਆਂ ਸੁਣਾ ਰਿਹਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਵੀਰਵਾਰ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮ ਨੂੰ 5 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।