ਓਟਾਵਾ, 28 ਦਸੰਬਰ (ਬਿਊਰੋ)- ਇਸ ਸਾਲ ਜਲਵਾਯੂ ਤਬਦੀਲੀ ਨੇ ਕੈਨੇਡਾ ਦੇ ਲੋਕਾਂ ਦਾ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇਸ ਸਾਲ ਗਰਮੀ ਦੇ ਮੌਸਮ ਵਿਚ ਜਿੱਥੇ ਕੈਨੇਡਾ ਵਿਚ ਇੰਨੀ ਜ਼ਿਆਦਾ ਗਰਮੀ ਪਈ ਕਿ ਪਾਰਾ 108 ਡਿਗਰੀ ਫਾਰਨੇਹਾਈਟ ਨੂੰ ਪਾਰ ਕਰ ਗਿਆ ਸੀ ਅਤੇ ਸਮੁੰਦਰ ਦਾ ਪਾਣੀ ਤੇਜ਼ ਗਰਮ ਹੋਣ ਕਾਰਨ ਕਰੋੜਾਂ ਸਮੁੰਦਰੀ ਜੀਵ ਮਾਰੇ ਗਏ ਸਨ। ਉੱਥੇ ਹੁਣ ਕੈਨੇਡਾ ਵਿਚ ਸਰਦੀ ਦਾ ਮੌਸਮ ਵੀ ਜਾਨਲੇਵਾ ਬਣ ਚੁੱਕਾ ਹੈ। ਕੈਨੇਡਾ ਵਿਚ ਇਨੀਂ ਦਿਨੀਂ ਪਾਰਾ ਜ਼ੀਰੋ ਤੋਂ 50 ਡਿਗਰੀ ਹੇਠਾਂ ਜਾ ਚੁੱਕਾ ਹੈ, ਜਿਸ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ।
ਕੈਨੇਡਾ ਵਿਚ ਜਾਨਲੇਵਾ ਠੰਡ ਪੈਣ ਦੀ ਚਿਤਾਵਨੀ
ਇਸ ਸਮੇਂ ਕੈਨੇਡਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਪਾਰਾ ਜ਼ੀਰੋ ਤੋਂ 50 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਚੁੱਕਾ ਹੈ।ਇਸ ਨਾਲ ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਵਿਚ ਸਕੀ ਹਿੱਲਜ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਜਾਨਲੇਵਾ ਠੰਡ ਪੈ ਰਹੀ ਹੈ। ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਸਨਰਿਜ, ਐਡਮਿੰਟਨ ਸਕੀ ਕਲੱਬ, ਸਨੋ ਵੈਲੀ ਅਤੇ ਰੈਬਿਟ ਹਿਲ ਨੂੰ ਜ਼ਿਆਦਾ ਠੰਡ ਪੈਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਉੱਥੇ ਕੈਨੇਡਾ ਦੇ ਮੌਸਮ ਵਿਭਾਗ ਨੇ ਜ਼ਿਆਦਾ ਠੰਡ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਜ਼ੀਰੋ ਤੋਂ -40 ਤੋਂ -50 ਡਿਗਰੀ ਸੈਲਸੀਅਸ ਹੇਠਾਂ ਰਹਿਣ ਦਾ ਅਨੁਮਾਨ ਹੈ।
ਪਾਰਾ ਹੋਰ ਜ਼ਿਆਦਾ ਡਿੱਗਣ ਦਾ ਖਦਸ਼ਾ
ਕੈਨੇਡ ਵਿਚ ਇਸ ਸਮੇਂ ਪਾਰਾ ਸਧਾਰਨ ਤੋਂ 40 ਡਿਗਰੀ ਹੇਠਾਂ ਜਾ ਚੁੱਕਾ ਹੈ ਅਤੇ ਇਸ ਗੱਲ ਦਾ ਖਦਸ਼ਾ ਹੈ ਕਿ ਅਗਲੇ ਹਫ਼ਤੇ ਪ੍ਰਸ਼ਾਂਤ ਨੌਰਥਵੈਸਟ ਵਿਚ ਹੋਰ ਜ਼ਿਆਦਾ ਠੰਡ ਪਵੇਗੀ ਅਤੇ ਤਾਪਮਾਨ ਹੋਰ ਡਿੱਗ ਜਾਵੇਗਾ, ਜਿਸ ਨਾਲ ਪੋਰਟਲੈਂਡ ਅਤੇ ਸੀਏਟਲ ਵਿਚ ਭਾਰੀ ਬਰਫ਼ਬਾਰੀ ਅਤੇ ਜ਼ਿਆਦਾ ਠੰਡ ਪੈਣ ਦੀ ਸੰਭਾਵਨਾ ਰਹੇਗੀ। ਕੈਨੇਡਾ ਮੌਸਮ ਵਿਭਾਗ ਮੁਤਾਬਕ ਕੈਨੇਡਾ ਦੀ ਬਜਾਏ ਅਮਰੀਕਾ ਵਿਚ ਪਾਰਾ ਸਧਾਰਨ ਹੈ ਅਤੇ ਅਮਰੀਕਾ ਵਿਚ ਇਸ ਸਮੇਂ ਬਸੰਤ ਜਿਹਾ ਮਹੀਨਾ ਹੈ ਪਰ ਕੈਨੇਡਾ ਵਿਚ ਸਥਿਤੀ ਕਾਫੀ ਵਿਪਰੀਤ ਹੈ।