ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਰਾਜਸਥਾਨ ਸਰਕਾਰ ’ਚ ਸਾਬਕਾ ਮੰਤਰੀ ਤੇ ਕਾਂਗਰਸ ਆਗੂ ਪ੍ਰਤਾਪ ਸਿੰਘ ਕਚਾਰੀਆਵਾਸ ਦੀ ਇਥੇ ਸਿਵਲ ਲਾਈਨਜ਼ ਇਲਾਕੇ ਵਿਚਲੀ ਰਿਹਾਇਸ਼ ’ਤੇ ਛਾਪਾ ਮਾਰਿਆ ਹੈ। ਕਚਾਰੀਆਵਾਸ, ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਸਨ। ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ ਤੇ ਉਹ ਸੰਘੀ ਜਾਂਚ ਏਜੰਸੀ ਨੂੰ ਜਾਂਚ ਵਿਚ ਸਹਿਯੋਗ ਦੇ ਰਹੇ ਹਨ।
ਕਚਾਰੀਆਵਾਸ ਨੇ ਕਿਹਾ, ‘‘ਅੱਜ, ਉਹ ਇੱਥੇ ਤਲਾਸ਼ੀ ਅਤੇ ਛਾਪੇਮਾਰੀ ਕਰਨ ਆਏ ਹਨ; ਉਹ ਇਹ ਕਰ ਸਕਦੇ ਹਨ। ਮੈਂ ਉਨ੍ਹਾਂ ਨੂੰ ਸਹਿਯੋਗ ਦੇਵਾਂਗਾ। ਈਡੀ ਆਪਣਾ ਕੰਮ ਕਰ ਰਹੀ ਹੈ, ਅਤੇ ਮੈਂ ਆਪਣਾ ਕੰਮ ਕਰਾਂਗਾ। ਮੇਰਾ ਮੰਨਣਾ ਹੈ ਕਿ ਭਾਜਪਾ ਨੂੰ ਈਡੀ ਦੀ ਵਰਤੋਂ ਕਰਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਪ੍ਰਤਾਪ ਸਿੰਘ ਖਚਾਰੀਆਵਾਸ ਕਿਸੇ ਤੋਂ ਨਹੀਂ ਡਰਦੇ। ਮੈਨੂੰ ਈਡੀ ਵੱਲੋਂ ਕੋਈ ਨੋਟਿਸ ਨਹੀਂ ਦਿੱਤਾ ਗਿਆ। ਈਡੀ ਨੇ ਸਿੱਧਾ ਛਾਪਾ ਮਾਰਿਆ ਹੈ।’’
ਹਾਲਾਂਕਿ ਇਸ ਛਾਪੇਮਾਰੀ ਪਿਛਲਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਇਸ ਨਾਲ ਜੈਪੁਰ ਵਿੱਚ ਹਲਚਲ ਮਚ ਗਈ। ਜਿਵੇਂ ਹੀ ਈਡੀ ਦੀ ਕਾਰਵਾਈ ਦੀ ਜਾਣਕਾਰੀ ਮਿਲੀ, ਪ੍ਰਤਾਪ ਸਿੰਘ ਦੇ ਸਮਰਥਕ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਤੋਂ ਇਲਾਵਾ, ਖਚਾਰੀਆਵਾਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦੇ।
ਸਾਬਕਾ ਮੰਤਰੀ ਨੇ ਕਿਹਾ, ‘‘ਅਧਿਕਾਰੀਆਂ ਦੀ ਕੋਈ ਗਲਤੀ ਨਹੀਂ ਹੈ; ਉਨ੍ਹਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਨਾ ਪੈਂਦਾ ਹੈ। ਸੰਵਿਧਾਨ ਅਨੁਸਾਰ, ਉਨ੍ਹਾਂ ਨੂੰ ਤਲਾਸ਼ੀ ਲੈਣ ਦਾ ਅਧਿਕਾਰ ਹੈ, ਅਤੇ ਅਸੀਂ ਉਨ੍ਹਾਂ ਨਾਲ ਪੂਰਾ ਸਹਿਯੋਗ ਕਰਾਂਗੇ। ਉਹ ਹਰ ਚੀਜ਼ ਦੀ ਤਲਾਸ਼ੀ ਲੈ ਸਕਦੇ ਹਨ ਕਿਉਂਕਿ ਅਸੀਂ ਕਿਸੇ ਤੋਂ ਨਹੀਂ ਡਰਦੇ। ਜੋ ਵੀ ਉਨ੍ਹਾਂ (ਭਾਜਪਾ) ਵਿਰੁੱਧ ਬੋਲਦਾ ਹੈ, ਈਡੀ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਜਾਂਦਾ ਹੈ।’’
ਉਂਝ ਸਾਬਕਾ ਮੰਤਰੀ ਨੇ ਭਾਜਪਾ ਨੂੰ ਅਸਿੱਧੀ ਧਮਕੀ ਵੀ ਦਿੱਤੀ ਕਿ ਜਦੋਂ ਕਾਂਗਰਸ ਸੱਤਾ ਵਿੱਚ ਆਵੇਗੀ, ਤਾਂ ਉਹ ਭਾਜਪਾ ਦੇ ਨੇਤਾਵਾਂ ਨਾਲ ਵੀ ਅਜਿਹਾ ਕਰ ਸਕਦੇ ਹਨ। ਕਾਂਗਰਸੀ ਆਗੂ ਨੇ ਕਿਹਾ, ‘‘ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਅਤੇ ਸਮਾਂ ਬਦਲੇਗਾ। ਸੋਚੋ ਜਦੋਂ ਰਾਹੁਲ ਗਾਂਧੀ ਸੱਤਾ ਵਿੱਚ ਆਉਣਗੇ ਤਾਂ ਭਾਜਪਾ ਦਾ ਕੀ ਹੋਵੇਗਾ। ਤੁਸੀਂ (ਭਾਜਪਾ) ਇਹ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ; ਅਸੀਂ ਭਾਜਪਾ ਦੇ ਲੋਕਾਂ ਵਿਰੁੱਧ ਵੀ ਇਹੀ ਕਰਾਂਗੇ। ਉਹ ਜਿੰਨੀਆਂ ਮਰਜ਼ੀ ਤਲਾਸ਼ੀਆਂ ਕਰ ਸਕਦੇ ਹਨ; ਅਸੀਂ ਡਰਦੇ ਨਹੀਂ ਹਾਂ। ਅਸੀਂ ਅਧਿਕਾਰੀਆਂ ਨਾਲ ਸਹਿਯੋਗ ਕਰਾਂਗੇ…।’