ਲੁਧਿਆਣਾ: ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਈ ਬਾਰਿਸ਼ ਨੇ ਪਿਛਲੇ ਦੋ ਦਿਨ ਤੋਂ ਗਰਮੀ ਤੋਂ ਕਾਫੀ ਹੱਦ ਤੱਕ ਲੋਕਾਂ ਨੂੰ ਰਾਹਤ ਮਹਿਸੂਸ ਕਰਵਾਈ। ਆਉਣ ਵਾਲੇ ਮੌਸਮ ਸਬੰਧੀ ਗੱਲ ਕਰਦੇ ਹੋਏ ਡਾ.ਪਵਨੀਤ ਕੌਰ ਕਿੰਗਰਾ ਮੁਖੀ ਮੌਸਮ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਦੱਸਿਆ ਕਿ ਆਉਣ ਵਾਲੇ ਚਾਰ ਪੰਜ ਦਿਨ ਗਰਮੀ ਜਾਰੀ ਰਹੇਗੀ ਪਰ ਹੀਟ ਵੇਵ ਤੋਂ ਅਜੇ ਰਾਹਤ ਰਹੇਗੀ। ਡਾ.ਕਿੰਗਰਾ ਨੇ ਦੱਸਿਆ ਕਿ ਇਸ ਦੌਰਾਨ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਸ਼ੁੱਕਰਵਾਰ ਨੂੰ ਵੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਵੇਖੀ ਗਈ। ਗੁਰਦਾਸਪੁਰ ਵਿੱਚ ਸਭ ਤੋਂ ਵੱਧ 39.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜੋ ਆਮ ਦਿਨ੍ਹਾਂ ਤੋਂ ਕਾਫੀ ਘੱਟ ਹੈ ਜਦ ਕਿ ਬਾਕੀ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ ਵਿੱਚ ਆਮ ਨਾਲੋਂ ਗਿਰਾਵਟ ਰਹੀ। ਚੰਡੀਗੜ੍ਹ ਵਿੱਚ 38.3, ਅਮ੍ਰਿਤਸਰ ਵਿੱਚ 35.8 , ਲੁਧਿਆਣੇ 36.1, ਪਟਿਆਲੇ 38.4, ਪਠਾਨਕੋਟ 35.1, ਬਠਿੰਡੇ 36.1, ਫਰੀਦਕੋਟ 34.5, ਬੱਲੋਵਾਲ ਸੇਖੜੀ 33.3, ਫਤਿਹਗੜ੍ਹ ਸਾਹਿਬ 37.2 ਅਤੇ ਫਿਰੋਜਪੁਰ ਵਿੱਚ 38.6 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਕੁੱਝ ਦਿਨ ਬਾਅਦ 28 ਅਤੇ 30 ਜੂਨ ਨੂੰ ਮੌਨਸੂਨ ਪੰਜਾਬ ਵਿੱਚ ਐਂਟਰ ਕਰੇਗਾ ਜਿਸ ਨਾਲ 29 ਜੂਨ ਤੋਂ 2 ਜੁਲਾਈ ਦੇ ਦਰਮਿਆਨ ਬਾਰਿਸ਼ ਹੋ ਸਕਦੀ ਹੈ।
ਬਾਰਿਸ਼ ਮਗਰੋਂ ਘੱਟ ਹੋਈ ਗਰਮੀ, ਹੀਟ ਵੇਵ ਤੋਂ ਅਜੇ ਰਹੇਗੀ ਰਾਹਤ
