ਲੁਧਿਆਣਾ: ਮਹਾਨਗਰ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਅਧੀਨ ਹਰਗੋਬਿੰਦ ਨਗਰ ਇਲਾਕੇ ਦੇ ਵਿਹੜੇ ਦੇ ਇਕ ਕਮਰੇ ’ਚੋਂ ਸ਼ੱਕੀ ਹਾਲਾਤ ’ਚ ਲਾਸ਼ ਬਰਾਮਦ ਹੋਈ। ਮ੍ਰਿਤਕ ਬਜ਼ੁਰਗ ਦੀ ਲਾਸ਼ ਨੂੰ ਕਈ ਥਾਵਾਂ ਤੋਂ ਚੂਹਿਆਂ ਨੇ ਬੁਰੀ ਤਰ੍ਹਾਂ ਨਾਲ ਨੋਚਿਆ ਹੋਇਆ ਸੀ, ਜਿਸ ਕਾਰਨ ਲਾਸ਼ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਵਿਗੜਿਆ ਹੋਇਆ ਸੀ। ਲਾਸ਼ ਸੜਨ ਮਗਰੋਂ ਕਮਰੇ ’ਚੋਂ ਬਦਬੂ ਬਾਹਰ ਆਉਣ ਲੱਗੀ ਤਾਂ ਆਂਢੀਆਂ ਗੁਆਂਢੀਆਂ ਨੂੰ ਉਕਤ ਘਟਨਾ ਦਾ ਪਤਾ ਲੱਗਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ਵਿਚ ਲਈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ। ਮ੍ਰਿਤਕ ਦੀ ਪਛਾਣ ਪੱਪੂ ਕੁਮਾਰ ਦੇ ਰੂਪ ’ਚ ਹੋਈ ਹੈ। ਹਰਗੋਬਿੰਦ ਨਗਰ ਦੇ ਵਿਹੜੇ ’ਚ ਰਹਿਣ ਵਾਲੇ ਪੱਪੂ ਕੁਮਾਰ ਦੀ ਲਾਸ਼ ਵੇਖਣ ’ਤੇ ਹੀ ਪਤਾ ਲੱਗਦਾ ਸੀ ਕਿ ਚਿਹਰੇ ਨੂੰ ਚੂਹਿਆਂ ਜਾਂ ਕੀੜੇ ਮਕੌੜਿਆਂ ਨੇ ਕਈ ਥਾਵਾਂ ਤੋਂ ਨੋਚਿਆ ਹੋਇਆ ਸੀ। ਮ੍ਰਿਤਕ ਦੇ ਗੁਆਂਢੀਆਂ ਮੁਤਾਬਕ ਪੱਪੂ ਦੇ ਕਮਰੇ ’ਚੋਂ ਤੇਜ਼ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਦਰਵਾਜ਼ਾ ਖੋਲ੍ਹ ਕੇ ਵੇਖਿਆ। ਕਮਰੇ ਅੰਦਰ ਦਾ ਮੰਜ਼ਰ ਵੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਨ੍ਹਾਂ ਕਮਰੇ ਦੇ ਫਰਸ਼ ’ਤੇ ਪਈ ਪੱਪੂ ਦੀ ਸੜੀ ਹੋਈ ਲਾਸ਼ ਵੇਖੀ, ਜਿਸ ਦੇ ਚਿਹਰੇ ’ਤੇ ਨੋਚਣ ਦੇ ਕਾਫ਼ੀ ਨਿਸ਼ਾਨ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਪੱਪੂ ਦੀ ਮੌਤ ਸ਼ੱਕੀ ਹਾਲਾਤ ਵਿਚ ਹੋਈ ਹੋਣ ਕਾਰਨ ਮੌਕੇ ’ਤੇ ਹੋਰ ਜਾਂਚ ਏਜੰਸੀਆਂ ਦੀ ਟੀਮ ਸੱਦੀ ਗਈ ਅਤੇ ਮ੍ਰਿਤਕ ਸਬੰਧੀ ਜਾਣਕਾਰੀ ਲੈਣ ਮਗਰੋਂ ਮੌਕੇ ਤੋਂ ਕਾਫੀ ਸਬੂਤ ਇਕੱਠੇ ਕੀਤੇ ਗਏ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਮੁਤਾਬਕ ਸ਼ੁਰੂਆਤੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਪੱਪੂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ। ਮ੍ਰਿਤਕ ਦੇ ਗੁਆਂਢੀਆਂ ਤੋਂ ਪਤਾ ਲੱਗਾ ਕਿ ਪੱਪੂ ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਸੀ ਪਰ ਬਿਮਾਰੀ ਦੇ ਬਾਵਜੂਦ ਕਾਫੀ ਸ਼ਰਾਬ ਪੀਣ ਦਾ ਆਦੀ ਸੀ।
Related Posts
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਹਲਕਾ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ
ਚੰਡੀਗੜ੍ਹ, 10 ਦਸੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ…
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ
ਅੰਮ੍ਰਿਤਸਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।…
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਫਿਰ ਕੀਤਾ ‘ਧਮਾਕਾ’, ਪੰਜਾਬ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ
ਚੰਡੀਗੜ੍ਹ, 9 ਨਵੰਬਰ (ਦਲਜੀਤ ਸਿੰਘ)- ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੰਦਿਆਂ 36000 ਮੁਲਾਜ਼ਮਾਂ…