ਬਰਨਾਲਾ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਲੈ ਕੇ ਜਿੱਤ ਹਾਸਲ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਉਨ੍ਹਾਂ ਦੇ ਵਕੀਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਨੇ ਬੁੱਧਵਾਰ ਨੂੰ ਡਿਬਰੂਗੜ੍ਹ ਜੇਲ੍ਹ ਵਿਖੇ ਮੁਲਾਕਾਤ ਕੀਤੀ। ਇਸ ਸਬੰਧੀ ‘ਪੰਜਾਬੀ ਜਾਗਰਣ’ ਨਾਲ ਟੈਲੀਫ਼ੋਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਐਡਵੋਕੇਟ ਖ਼ਾਲਸਾ ਨੇ ਦੱਸਿਆ ਕਿ ਜੇਲ੍ਹ ’ਚੋਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਹਲਕਾ ਖਡੂਰ ਸਾਹਿਬ ਦੀ ਸੰਗਤ ਦਾ ਉੱਚੇਚੇ ਤੌਰ ’ਤੇ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਚੋਣ ਜਿਤਾ ਕੇ ਫ਼ਤਵਾ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਜੂਨ ਮਹੀਨੇ ’ਚ ਜੇਲ੍ਹ ਤੋਂ ਬਾਹਰ ਆਉਣਗੇ।
ਐਡਵੋਕੇਟ ਖ਼ਾਲਸਾ ਨੇ ਦੱਸਿਆ ਕਿ ਉਹ ਮੰਗਲਵਾਰ ਦੀ ਸ਼ਾਮ ਨੂੰ ਬਰਨਾਲਾ ਤੋਂ ਦਿੱਲੀ ਏਅਰਪੋਰਟ ਤੇ ਦਿੱਲੀ ਤੋਂ ਹਵਾਈ ਸਫ਼ਰ ਰਾਹੀਂ ਡਿਬਰੂਗੜ੍ਹ ਪੁੱਜੇ ਸਨ, ਬੁੱਧਵਾਰ ਨੂੰ ਉਨ੍ਹਾਂ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ’ਚ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਖਡੂੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣਨ ’ਤੇ ਵਧਾਈ ਦਿੱਤੀ। ਉਹ ਸਾਬਕਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਡਿਬਰੂਗੜ੍ਹ ਸਰਕਿਟ ਹਾਊਸ ਵਿਖੇ ਰਾਤ ਨੂੰ ਰੁਕਣਗੇ ਤੇ ਵੀਰਵਾਰ ਸਵੇਰੇ ਹਵਾਈ ਸਫ਼ਰ ਰਾਹੀਂ ਦਿੱਲੀ ਪੁੱਜਦਿਆਂ ਬਰਨਾਲਾ ਵਿਖੇ ਆਪਣੀ ਰਿਹਾਇਸ਼ ’ਤੇ ਪੁੱਜਣਗੇ। ਭਾਈ ਅੰਮ੍ਰਿਤਪਾਲ ਸਿੰਘ ’ਤੇ ਲੱਗੇ ਐੱਨਐੱਸਏ ਤੇ ਜੇਲ੍ਹ ਤੋਂ ਬਾਹਰ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਵੱਡੇ ਪੱਧਰ ’ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਫ਼ਤਵਾ ਦਿੱਤਾ ਹੈ, ਉਹ ਕਾਨੂੰਨੀ ਪ੍ਰਕਿਰਿਆ ਤੋਂ ਵੀ ਉੱਤੇ ਹੁੰਦਾ ਹੈ। ਸੁਪ੍ਰੀਮ ਕੋਰਟ ਨੇ ਅਨੇਕਾਂ ਕੇਸਾਂ ’ਚ ਕਿਹਾ ਹੈ ਕਿ ਜਨਤਾ ਹੀ ਹਕੂਮਤ ਕਰਨ ਵਾਲੀ ਹੁੰਦੀ ਹੈ। ਲੋਕ ਰਾਜ ਦਾ ਇਹ ਮੁੱਢਲਾ ਤੇ ਬੁਨਿਆਦੀ ਅਸੂਲ ਹੈ ਕਿ ਜੋ ਜਨਤਾ ਦਾ ਫ਼ਤਵਾ ਹੁੰਦਾ ਹੈ, ਉਹ ਸਾਰਿਆਂ ਨੂੰ ਮਨਜ਼ੂਰ ਕਰਨਾ ਪੈਂਦਾ ਹੈ। ਇਸ ਲਈ ਜਨਤਾ ਨੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੰਨਾ ਵੱਡਾ ਫ਼ਤਵਾ ਦੇ ਦਿੱਤਾ ਹੈ ਤਾਂ ਮੇਰੇ ਖ਼ਿਆਲ ’ਚ ਕਾਨੂੰਨੀ ਪ੍ਰਕਿਰਿਆ ਦੀ ਇਸ ’ਚ ਕੋਈ ਲੋੜ ਨਹੀਂ ਪੈਣੀ ਜਿਸ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਲੋਕਾਂ ਦਾ ਇਹ ਵੱਡਾ ਫ਼ਤਵਾ ਮੰਨਣਾ ਹੀ ਪਵੇਗਾ ਤੇ ਉਨ੍ਹਾਂ ਨੂੰ ਜੇਲ੍ਹ ’ਚੋਂ ਰਿਹਾਅ ਕਰਨਾ ਹੀ ਪਵੇਗਾ।